ਸਰਕਾਰ ਦੇ ਗਲੇ ਦੀ ਹੱਡੀ ਬਣੇਗਾ ਤਨਖਾਹ ਕਮਿਸ਼ਨ – ਪ੍ਰਧਾਨ ਹਰਵਿੰਦਰ ਕੌਰ
ਅੰਮ੍ਰਿਤਸਰ, 30 ਜੁਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ
ਸਾਹਮਣੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ 6ਵੇਂ ਤਨਖਾਹ ਕਮੀਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਗੇਟ ਰੈਲੀ ਕੀਤੀ ਗਈ।ਨਾਨ-ਟੀਚਿੰਗ ਕਰਮਚਾਰੀਆਂ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਦਿਆਂ ਰਿਪੋਰਟ ਵਿਚ ਦਰਸਾਈਆਂ ਮੱਦਾਂ ਨੂੰ ਪਰਤ ਦਰ ਪਰਤ ਉਧੇੜਿਆ।ਐਸੋਸੀਏਸ਼ਨ ਪ੍ਰਧਾਨ ਮੈਡਮ ਹਰਵਿੰਦਰ ਕੌਰ ਨੇ ਕਿਹਾ ਕਿ ਇਹ ਪੇਅ ਕਮਿਸ਼ਨ ਸਰਕਾਰ ਦੇ ਗਲੇ ਦੀ ਹੱਡੀ ਬਣੇਗਾ ਅਤੇ ਉਹ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖਤ ਨਿੰਦਾ ਕਰਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਆਪਣਾ ਚੌਣ ਵਾਅਦਾ ਯਾਦ ਕਰਵਾਉਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਤਰਜੀਹੀ ਤੌਰ ਤੇ ਸਾਲ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਜਿੰਨ੍ਹਾਂ ‘ਤੇ ਬੁਢਾਪਾ ਖੋਹਣ ਵਾਲੀ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ) ਲਾਗੂ ਹੈ, ਉਹ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।ਸਰਕਾਰ ਬਣਦਿਆਂ ਹੀ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਕੀਤੀਆਂ ਜਾਣਗੀਆਂ।ਹੁਣ ਸਰਕਾਰ ਨੇ ਆਪਣੇ ਆਖਰੀ ਸਾਲ ਵਿਚ ਤੰਗਦਿਲੀ ਨਾਲ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ ਦਾ ਕੋਝਾ ਮਜ਼ਾਕ ਉਡਾਇਆ ਹੈ।ਯੂਨੀਵਰਸਿਟੀ ਕਰਮਚਾਰੀ ਸਰਕਾਰ ਦੇ ਮਾਰੂ ਫੈਸਲਿਆਂ ਨੂੰ ਪੁੱਠਾ ਗੇੜਾ ਦੇਣ ਅਤੇ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ।
ਯੂਨੀਵਰਸਿਟੀ ਦੇ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਵਨ ਸ਼ਰਮਾ ਨੇ ਕਿਹਾ ਕਿ ਪੇਅ ਕਮਿਸ਼ਨ ਵਲੋਂ ਨਾਨ ਪ੍ਰੈਕਟਿਸ ਅਲਾਊਂਸ (ਐਨ.ਪੀ.ਏ) 25% ਤੋਂ ਘਟਾ ਕੇ 20% ਕਰਨਾ ਅਤੇ ਇਸ ਨੂੰ ਬੇਸਿਕ ਪੇਅ ਤੋਂ ਵੱਖ ਕਰਨਾ ਮੰਦਭਾਗਾ ਹੈ। ਸਰਕਾਰ ਨੇ ਉਸ ਸਮੇਂ ਡਾਕਟਰਾਂ ਨਾਲ ਧ੍ਰੋਹ ਕਮਾਇਆ ਹੈ।ਜਿਸ ਵੇਲੇ ਉਹ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।
ਜਗੀਰ ਸਿੰਘ, ਹਰਪਾਲ ਸਿੰਘ, ਅਜਮੇਰ ਸਿੰਘ ਖਜਾਨਚੀ ਆਫਿਸਰਜ਼ ਐਸੋਸੀਏਸ਼ਨ, ਪਰਮਜੀਤ ਸਿੰਘ, ਕੰਵਲਜੀਤ ਕੁਮਾਰ, ਕੁਲਜਿੰਦਰ ਸਿੰਘ ਬੱਲ ਆਦਿ ਨੇ ਵੀ ਆਪਣੇ ਜੋਸ਼ੀਲੇ ਸੰਬੋਧਨ ਵਿਚ ਪੰਜਾਬ ਸਰਕਾਰ ਦੀਆਂ ਲੋਕ, ਮੁਲਾਜ਼ਮ ਅਤੇ ਕਿਸਾਨ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ।
ਇਸ ਮੌਕੇ ਸੁਖਵੰਤ ਸਿੰਘ, ਸੁਖਵਿੰਦਰ ਸਿੰਘ ਬਰਾੜ, ਮੋਹਨਦੀਪ ਸਿੰਘ, ਜ਼ਿਲੇ ਸਿੰਘ, ਰੂਪ ਚੰਦ, ਗੁਰਪ੍ਰੀਤ ਸਿੰਘ, ਸ਼ਾਮ ਲਾਲ, ਹਰਚਰਨ ਸਿੰਘ ਸੰਧੂ, ਕਰਨ ਕਲਿਆਣੀ, ਮਨਜਿੰਦਰ ਸਿੰਘ, ਅਮਰਪਾਲ ਸਿੰਘ ਗਰੋਵਰ, ਅਜੈ ਕੁਮਾਰ ਆਦਿ ਸਮੇਤ ਵੱਡੀ ਗਿਣਤੀ ‘ਚ ਯੂਨੀਵਰਸਿਟੀ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media