Thursday, April 23, 2026

ਤਰਕਸ਼ੀਲਾਂ ਨੇ ਕੋਵਿਡ-19 ‘ਤੇ ਕਰਵਾਈ ਵਿਚਾਰ ਚਰਚਾ

ਸੰਗਰੂਰ, 26 ਜੁਲਾਈ (ਜਗਸੀਰ ਲੌਂਗੋਵਾਲ) – ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵਲੋਂ ਸਥਾਨਕ ਅਫਸਰ ਕਲੌਨੀ ਵਿਖੇ ਕੋਵਿਡ-19 ਵਾਇਰਸ, ਇਸ ਦੇ ਬਦਲਦੇ ਰੂਪਾਂ, ਸਾਵਧਾਨੀਆਂ ਤੇ ਪ੍ਰਹੇਜ਼ ਵਿਸ਼ੇ ‘ਤੇ ਇਕ ਰੋਜ਼ਾ ਵਿਚਾਰ ਚਰਚਾ ਕਰਵਾਈ ਗਈ।ਜਿਸ ਦੇ ਮੁੱਖ ਬੁਲਾਰੇ ਡਾਕਟਰ ਅਮਨਦੀਪ ਅਗਰਵਾਲ ਸੰਗਰੂਰ ਸਨ।ਚਰਚਾ ਦੀ ਸ਼ੁਰੂਆਤ ਇਕਾਈ ਪ੍ਰਧਾਨ ਮਾਸਟਰ ਪਰਮ ਵੇਦ ਵਲੋਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਅਤੇ ਵਿਸ਼ੇ ਬਾਰੇ ਜਾਣਕਾਰੀ ਨਾਲ ਹੋਈ।
                       ਡਾਕਟਰ ਅਮਨਦੀਪ ਅਗਰਵਾਲ ਨੇ ਕੋਵਿਡ-19, ਇਸਦੇ ਬਦਲਦੇ ਰੂਪਾਂ ਅਤੇ ਸੰਭਾਵੀ ਤੀਜ਼ੀ ਲਹਿਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਕਰੋਨਾ ਵਾਇਰਸ ਪਹਿਲਾਂ ਤੋਂ ਹੀ ਸਾਡੇ ਆਲੇ-ਦੁਆਲੇ ਮੌਜ਼ੂਦ ਸੀ, ਪਰ ਇਸ ਦੀ ਕੋਵਿਡ-19 ਕਿਸਮ ਇਕ ਨਵਾਂ ਵਾਇਰਸ ਹੈ।ਬੁਖਾਰ, ਗਲੇ ਦੀ ਖਰਾਬੀ, ਖੰਘ, ਪੇਟ ਦਰਦ, ਸਿਰਦਰਦ, ਟੱਟੀਆਂ ਆਦਿ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ।80% ਲੋਕਾਂ ਨੂੰ ਇਹ ਨਿਸ਼ਾਨੀਆਂ ਵੀ ਸਾਧਾਰਨ ਰੂਪ ਵਿੱਚ ਹੁੰਦੀਆਂ ਹਨ।ਪਰ ਇਸ ਦੇ ਲੱਛਣਾਂ ਦੇ ਗੰਭੀਰ ਹੋਣ ਦੀ ਸੂਰਤ ਵਿੱਚ ਸਮੇਂ ਸਿਰ ਤੁਰੰਤ ਡਾਕਟਰੀ ਸਹਾਇਤਾ ਦਾ ਨਾ ਮਿਲਣਾ ਜਾਨ ਲੇਵਾ ਸਾਬਤ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਕਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਕੇ, ਉਪਰੋਕਤ ਲੱਛਣਾਂ ਦੇ ਮੌਜ਼ੂਦਾ ਹੋਣ ‘ਤੇ ਤੁਰੰਤ ਟੈਸਟ ਕਰਵਾਉਣ ਨਾਲ ਅਸੀਂ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ।ਉਹਨਾਂ ਦੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ, ਸੈਰ ਤੇ ਕਸਰਤ ਕਰਨ, ਪੁੰਗਰੇ ਅਨਾਜ਼ ਸਮੇਤ ਵਧੀਆ ਭੋਜਨ ਖਾਣ, ਘੱਟੋ-ਘੱਟ ਸਾਢੇ ਤਿੰਨ ਲੀਟਰ ਪਾਣੀ ਪੀਣ, ਵਧੀਆ ਸੋਚਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਸਮੇਤ ਹੋਰ ਬੀਮਾਰੀਆਂ ਦਾ ਤੋੜ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ, ਜੋ ਬੁਲੰਦ ਹੌਸਲੇ ਨਾਲ ਵਧਦੀ ਹੈ, ਘਬਰਾਉਣ ਨਾਲ ਘਟਦੀ ਹੈ। ਉਨਾਂ ਨੇ ਕਰੋਨਾ-19 ਦੇ ਬਦਲਦੇ ਰੂਪ ਡੈਲਟਾ ਆਦਿ, ਸੰਭਾਵੀ ਤੀਜ਼ੀ ਲਹਿਰ ਦੇ ਲਗਾਏ ਜਾ ਰਹੇ ਅਗੇਤੇ ਅੰਦਾਜ਼ਿਆਂ ਨੂੰ ਗੈਰ ਵਿਗਿਆਨਕ ਵਰਤਾਰਾ ਕਰਾਰ ਦਿੱਤਾ।ਉਨਾਂ ਕਿਹਾ ਕਿ ਕਿਸੇ ਵੀ ਸਮਾਜ ਵਿਚ ਪਾਈ ਜਾਂਦੀ ਝੁੰਡ ਪ੍ਰਤੀਰੋਧਕ ਸਕਤੀ ਦੇ ਸਰਵੇ ਦੀ ਅਣਹੋਂਦ ਵਿੱਚ ਅਜਿਹੇ ਪ੍ਰਚਾਰ ਲੋਕਾਂ ਵਿੱਚ ਡਰ ਪੈਦਾ ਕਰਦੇ ਹਨ।ਬਲੈਕ, ਵਾਈਟ, ਯੈਲੋ ਵੱਖ-ਵੱਖ ਫੰਗਸਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਿਰਫ ਬਹੁਤ ਹੀ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਵਿੱਚ ਹੋ ਸਕਦੀ ਹੈ।ਇਸ ਲਈ ਆਮ ਲੋਕਾਂ ਨੂੰ ਇਨ੍ਹਾਂ ਦੀ ਚਿੰਤਾ ਨੂੰ ਮਨ ਵਿਚੋਂ ਕੱਢਣ ਬਾਰੇ ਕਿਹਾ।ਉਨ੍ਹਾਂ ਅਜੇ ਬਾਹਰ ਬੇਫਿਕਰ ਹੋ ਕੇ ਪਹਾੜਾਂ ਆਦਿ ਤੇ ਘੁੰਮਣ ਜਾਣ ਤੋਂ ਗ਼ੁਰੇਜ਼ ਕਰਨ ਦਾ ਸੁਝਾਅ ਵੀ ਦਿੱਤਾ।
                   ਇਸ ਤੋਂ ਬਾਅਦ ਸਵਰਨਜੀਤ ਸਿੰਘ ਨੇ ਵੀ ਕਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਬਾਰੇ ਜਾਗਰੂਕ ਕਰਦਿਆਂ ਬਿਮਾਰੀ ਦੀ ਗੰਭੀਰਤਾ ਵਾਰੇ ਦੱਸਿਆ ਅਤੇ ਲੱਛਣ ਆਉਣ ਉਪਰੰਤ ਨੀਮ ਹਕੀਮਾਂ ਤੋਂ ਇਲਾਜ਼ ਕਰਵਾਉਣ ਦੀ ਥਾਂ ਤੁਰੰਤ ਯੋਗ ਡਾਕਟਰੀ ਸਲਾਹ ਲੈਣ ਦੇ ਫਾਇਦਿਆਂ ਬਾਰੇ ਦੱਸਿਆ।ਉਹਨਾਂ ਕਰੋਨਾ ਦੀ ਦੂਜ਼ੀ ਲਹਿਰ ਸਮੇਂ ਸਰਕਾਰੀ ਖੇਤਰ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਕਾਰਨ ਅਤੇ ਅਫਸਰਸ਼ਾਹੀ ਦੇ ਦੁਰਪ੍ਰਬੰਧ ਕਾਰਨ ਮੌਤਾਂ ਦੀ ਗਿਣਤੀ ਵਿੱਚ ਹੋਏ ਵਾਧੇ ਬਾਰੇ ਦੱਸਦਿਆਂ ਸਰੋਤਿਆਂ ਨੂੰ ਵਧੀਆ ਸਿਹਤ ਸਹੂਲਤਾਂ ਲੈਣ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ।
                    ਸਵਾਲ ਜਵਾਬ ਸੈਸ਼ਨ ਵਿੱਚ ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਨਿਰਮਲ ਸਿੰਘ ਦੁੱਗਾਂ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਰਘਬੀਰ ਸਿੰਘ, ਧਰਮਵੀਰ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਮਾਂਗੇ ਰਾਮ, ਲਖਵੀਰ ਸਿੰਘ, ਅਮਰਨਾਥ, ਪ੍ਰਗਟ ਸਿੰਘ ਗੁਰਜੀਤ ਸਿੰਘ ਲੱਡੀ, ਕਿਰਨਦੀਪ ਕੌਰ ਪੰਧੇਰ, ਸੁਰਿੰਦਰ ਸ਼ਰਮਾ, ਦੇਵਿੰਦਰ ਕੌਰ, ਗੁਰਮੀਤ ਕੌਰ, ਵਨੀਤਾ ਰਾਣੀ, ਸੁਨੀਤਾ ਰਾਣੀ, ਸੁਖਵਿੰਦਰ ਕੌਰ ਸਿੱਧੂ, ਗੁਰਮੇਲ ਕੌਰ ਨੇ ਭਾਗ ਲਿਆ ਤੇ ਡਾਕਟਰ ਅਮਨਦੀਪ ਅਗਰਵਾਲ ਅਤੇ ਸਵਰਨਜੀਤ ਸਿੰਘ ਨੇ ਸਰੋਤਿਆਂ ਵਲੋਂ ਕੀਤੇ ਸਵਾਲ ਤੇ ਮਨ ਵਿੱਚ ਚੱਲ ਰਹੇ ਸ਼ੰਕਿਆਂ ਦੀ ਬਾਖੂਬੀ ਨਵਿਰਤੀ ਕੀਤੀ।ਇਸ ਉਪਰੰਤ ਤਰਕਸ਼ੀਲਾਂ ਵਲੋਂ ਡਾ. ਅਮਨਦੀਪ ਅਗਰਵਾਲ ਨੂੰ ਵਿਗਿਆਨਕ/ਤਰਕਸ਼ੀਲ ਵਿਚਾਰਾਂ ਦੀ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।
                 ਤਰਕਸ਼ੀਲ ਆਗੂ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਵਿਚਾਰ ਚਰਚਾ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …