ਪਹਿਲੇ ਦਿਨ 6ਵੀਂ ਤੋਂ 12ਵੀਂ ਜਮਾਤਾਂ ਦੀ ਮਾਪੇ ਅਧਿਆਪਕ ਮਿਲਣੀ ਵੀ ਹੋਈ
ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਸਕੂਲਾਂ ‘ਚ ਲੰਬੇ ਅਰਸੇ ਉਪਰੰਤ ਵਿਦਿਆਰਥੀਆਂ ਦੀ ਆਮਦ ਨਾਲ ਮੁੜ ਤੋਂ ਰੌਣਕਾਂ ਪਰਤ ਆਈਆਂ
ਹਨ।ਸਰਕਾਰ ਵਲੋਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੇ ਜਾਣ ਨਾਲ ਇਹਨਾਂ ਜਮਾਤਾਂ ਦੀ ਕਲਾਸ ਰੂਮ ਪੜ੍ਹਾਈ ਸ਼ੁਰੂ ਹੋ ਗਈ ਹੈ।ਵਰਨਣਯੋਗ ਹੈ ਕਿ ਵਿਦਿਆਰਥੀਆਂ ਲਈ ਮਾਰਚ ਮਹੀਨੇ ਤੋਂ ਸਕੂਲਾਂ ਦੀ ਹੋਈ ਤਾਲਾਬੰਦੀ ਦੇ ਚੱਲਦਿਆਂ ਅਧਿਆਪਕਾਂ ਵਲੋਂ ਨਵੇਂ ਸੈਸ਼ਨ ਦੀ ਪੜ੍ਹਾਈ ਆਨਲਾਈਨ ਤਰੀਕੇ ਹੀ ਕਰਵਾਈ ਜਾ ਰਹੀ ਸੀ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਲੰਬੇ ਅਰਸੇ ਦੀ ਤਾਲਾਬੰਦੀ ਉਪਰੰਤ ਵਿਦਿਆਰਥੀ ਚਾਅ ਅਤੇ ਉਤਸ਼ਾਹ ਨਾਲ ਸਕੂਲਾਂ ਵਿੱਚ ਪਹੁੰਚੇ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਸਕੂਲ ਪਹੁੰਚਣ ਵਾਲੇ ਵਿਦਿਆਰਥੀਆਂ, ਉਨਾਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਬਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ‘ਜੀ ਆਇਆਂ’ ਕਿਹਾ।ਵੱਖ-ਵੱਖ ਸਕੂਲਾਂ ਦੇ ਦੌਰੇ ਉਪਰੰਤ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹੀ ਸਕੂਲਾਂ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।ਸਕੂਲਾਂ ‘ਚ ਪਹੁੰਚੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵੀ ਸਰਕਾਰ ਦੇ ਸਕੂਲ ਖੋਲਣ ਦੇ ਫੈਸਲੇ ਨੂੰ ਵਿਦਿਆਰਥੀ ਪੱਖੀਂ ਦੱਸਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਇਸੇ ਦੌਰਾਨ ਦਿਨ ਛੇਵੀਂ ਤੋਂ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਮਾਪੇ ਅਧਿਆਪਕ ਮਿਲਣੀ ਵੀ ਕੀਤੀ ਗਈ। ਜਿਸ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਵੱਲੋਂ ਜੁਲਾਈ ਮਹੀਨੇ ਦੇ ਆਨਲਾਈਨ ਟੈਸਟ ਦੀਆਂ ਪ੍ਰਾਪਤੀਆਂ ਅਤੇ ਕਮੀਆਂ ਤੋਂ ਜਾਣੂ ਕਰਵਾਇਆ ਗਿਆ।ਮਾਪਿਆਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਬਾਰੇ ਵੀ ਜਾਣਕਾਰੀ ਦਿੱੱਤੀ ਗਈ।
Punjab Post Daily Online Newspaper & Print Media