Monday, July 27, 2026

ਮੇਅਰ ਨੇ ਯੋਗ ਲਾਭਪਾਤਰੀਆਂ ਨੂੰ ਸੌਂਪੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਰਾਸ਼ੀ ਦੇ ਪੱਤਰ

ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ `ਪ੍ਰਧਾਨ ਮੰਤਰੀ ਆਵਾਸ ਯੋਜਨਾ` ਅਧੀਨ ਹਲਕਾ ਉਤਰੀ ਦੀ ਵਾਰਡ ਨੰ. 14, 15, 16, 18 ਅਤੇ 19 ਦੇ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਆਪਣੇ ਨਵੇਂ ਮਕਾਨ ਬਣਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਕਿਸ਼ਤ ਉਹਨਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਨ ਸਬੰਧੀ ਪੱਤਰ ਸੌਂਪੇ ਗਏ।ਇਹ ਵਿੱਤੀ ਸਹਾਇਤਾ ਉਹਨਾਂ ਗਰੀਬ ਪਰਿਵਾਰਾਂ ਲਈ ਹੈ ਜਿਨ੍ਹਾਂ ਕੋਲ ਆਪਣਾ ਘਰ ਬਣਾਉਣ ਵਾਸਤੇ ਕੋਈ ਵਸੀਲਾ ਨਹੀਂ ਹੈ ਜਾਂ ਜਿਨ੍ਹਾਂ ਦੀਆਂ ਪੁਰਾਣੀਆਂ ਬਾਲਿਆਂ ਦੀਆਂ ਛੱਤਾਂ ਹਨ।ਸਰਕਾਰ ਦੀ ਇਸ ਯੋਜਨਾ ਤਹਿਤ ਮੇਅਰ ਨਗਰ ਨਿਗਮ ਵਲੋਂ ਕਰੋੜਾਂ ਦੀ ਰਾਸ਼ੀ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ।
                    ਮੇਅਰ ਰਿੰਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਸ਼ਬਦ-ਦਰ-ਸ਼ਬਦ ਪੂਰੇ ਕੀਤੇ ਗਏ ਹਨ।ਮੇਅਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਰਥਿਕ ਤੌਰ ‘ਤੇ ਪਿਛੜੇ ਪਰਿਵਾਰਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਮਕਾਨ ਦੀ ਉਸਾਰੀ ਸਮੇਂ ਨੀਹਾਂ ਪੁੱਟ ਕੇ ਉਸਾਰੀ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 25 ਹਜਾਰ ਰੁਪਏ ਦੀ ਹੋਰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।ਪਹਿਲੀ ਕਿਸ਼ਤ 12.5 ਹਜ਼ਾਰ ਰੁਪਏ ਦੀ ਹੈ ਅਤੇ ਦੂਸਰੀ ਕਿਸ਼ਤ ਬਾਅਦ ਵਿਚ ਸਮੇਂ ਅਨੁਸਾਰ ਜਾਰੀ ਕੀਤੀ ਜਾਵੇਗੀ।ਉਹਨਾ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਵਲੋ ਲੋਕਹਿੱਤ ਲਈ ਕਈ ਯੋਜਨਾਵਾਂ ਅਮਲ ਵਿਚ ਲਿਆਦੀਆਂ ਜਾ ਰਹੀਆਂ ਹਨ।
                  ਇਸ ਮੌਕੇ ਸਕੱਤਰ ਵਿਸ਼ਾਲ ਵਧਾਵਨ, ਕੌਂਸਲਰ ਪ੍ਰਿੰਯਕਾ ਸ਼ਰਮਾ, ਅਸ਼ਵਨੀ ਨਵੀਂ ਭਗਤ, ਸਾਬਕਾ ਕੌਂਸਲਰ ਅਨੇਕ ਸਿੰਘ, ਰਿਤੇਸ਼ ਸ਼ਰਮਾ, ਯੋਗਰਾਜ ਫੌਜੀ, ਚਾਹਤ ਪ੍ਰਧਾਨ, ਸੁਪਰਡੈਂਟ ਲਵਲੀਨ ਸ਼ਰਮਾ ਤੋ ਇਲਾਵਾ ਭਾਰੀ ਗਿਣਤੀ ‘ਚ ਨਗਰ ਨਿਗਮ ਦੇ ਅਧਿਕਾਰੀ ਅਤੇ ਲਾਭਪਾਤਰੀ ਮੌਜ਼ੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …