ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ ਵਾਰਸਾਂ ਤੱਕ ਪਹੁੰਚਾਏ 245 ਬਦਨਸੀਬਾਂ ਦੇ ਮ੍ਰਿਤਕ ਸਰੀਰ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਧਰ ਕੇ ਖਾੜੀ ਮੁਲਕਾਂ `ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ `ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਪੁੱਜਾ।ਜ਼ਿਲ੍ਹੇ ਦੇ ਕਸਬਾ ਰਈਆ ਨੇੜਲੇ ਪਿੰਡ ਹਸਨਪੁਰ ਦੇ 46 ਸਾਲਾ ਰਣਜੀਤ ਸਿੰਘ ਪੁੱਤਰ ਬੱਗਾ ਸਿੰਘ ਦਾ ਮ੍ਰਿਤਕ ਸਰੀਰ ਮੌਤ ਤੋਂ ਕਰੀਬ 56 ਦਿਨਾਂ ਬਾਅਦ ਅੱਜ ਸਵੇਰੇ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਿਆ।
ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਇਥੇ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ‘ਚ ਦੱਸਿਆ ਹੈ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਬ 20 ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ।ਅੱਜ ਤੋਂ ਕਰੀਬ ਇੱਕ ਸਾਲ ਪਹਿਲਾਂ ਦੁਬਈ ਅੰਦਰ ਅਚਾਨਕ ਰਣਜੀਤ ਦੀ ਸਿਹਤ ਵਿਗੜ ਗਈ ਸੀ।ਜਿਸ ਪਿੱਛੋਂ ਉਹ ਪੱਕੇ ਤੌਰ ‘ਤੇ ਵਾਪਸ ਪੰਜਾਬ ਚਲਾ ਗਿਆ ਸੀ।ਪਰਿਵਾਰ ਦੇ ਦੱਸਣ ਮੁਤਾਬਿਕ ਉਸ ਨੇ ਪੰਜਾਬ ਅੰਦਰ ਲੰਮਾ ਸਮਾਂ ਹਸਪਤਾਲ ਰਹਿ ਕੇ ਆਪਣਾ ਇਲਾਜ਼ ਕਰਵਾਇਆ ਸੀ।ਇਸ ਖਰਚ ਕਾਰਨ ਇੱਕ ਵਾਰ ਮੁੜ ਰਣਜੀਤ ਦੇ ਪਰਿਵਾਰ ਦੇ ਆਰਥਿਕ ਹਾਲਾਤ ਵਿਗੜ ਗਏ ਸਨ ਅਤੇ ਇੱਕ ਵਾਰ ਵਿਜ਼ਟਰ ਵੀਜ਼ੇ ‘ਤੇ ਕੁੱਝ ਮਹੀਨੇ ਪਹਿਲਾਂ ਹੀ ਮੁੜ ਦੁਬਈ ਆ ਗਿਆ।ਕੋਰੋਨਾ ਮਹਾਂਮਾਰੀ ਕਾਰਨ ਉਸ ਨੂੰ ਕੋਈ ਪੱਕਾ ਕੰਮ ਨਹੀਂ ਮਿਲ ਸਕਿਆ।ਇਸੇ ਦੌਰਾਨ ਹੀ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ।ਜਿਸ ਕਾਰਨ ਪਹਿਲਾਂ ਤੋਂ ਹੀ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਰਣਜੀਤ ਹੋਰ ਬੇਚੈਨ ਰਹਿਣ ਲੱਗਾ ਅਤੇ ਕੁੱਝ ਦਿਨਾਂ ਬਾਅਦ ਹੀ ਪ੍ਰੇਸ਼ਾਨੀ ਦੇ ਚੱਲਦਿਆਂ ਅਚਾਨਕ ਉਸ ਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਰਣਜੀਤ ਦੇ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣ ਲਈ ਲੰਮਾ ਸਮਾਂ ਜੱਦੋ ਜਹਿਦ ‘ਚ ਸਫਲ ਨਾ ਹੋਣ ‘ਤੇ ਪੀੜਤ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਮ੍ਰਿਤਕ ਦੇਹ ਭਾਰਤ ਪਹੁੰਚਾਉਣ `ਚ ਸਹਿਯੋਗ ਮੰਗਿਆ ਸੀ।ਜਿਸ ਉਪਰੰਤ ੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਉਨ੍ਹਾਂ ਨਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ `ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਰਣਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਅੱਜ ਸਵੇਰੇ ਤੜਕਸਾਰ ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 245 ਬਦਨਸੀਬ ਲੋਕਾਂ ਦੇ ਮਿਝਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਲੈਣ ਪਹੁੰਚੇ ਰਣਜੀਤ ਸਿੰਘ ਦੇ ਭਰਾ ਬਲਕਾਰ ਸਿੰਘ, ਸਰਵਣ ਸਿੰਘ, ਅਮਨਦੀਪ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ `ਤੇ ਡਾ. ਐਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਡਾ. ਓਬਰਾਏ ਦੀ ਬਦੌਲਤ ਹੀ ਅੱਜ ਉਨ੍ਹਾਂ ਨੂੰ ਕਰੀਬ 2 ਮਹੀਨਿਆਂ ਬਾਅਦ ਰਣਜੀਤ ਸਿੰਘ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।