ਨਵੀਂ ਦਿੱਲੀ/ ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ) – ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ `ਤੇ ਭਾਰਤੀ
ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਚੱਲ ਰਹੀ ਗਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਸਟੇਜ਼ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸਮੁੱਚੀ ਟੀਮ ਅਤੇ ਪੰਡਾਲ `ਚ ਬੈਠੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਕੌਮੀ ਸ਼ਹੀਦ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨਾਅਰਿਆਂ ਦੀ ਗੂੰਜ਼ ਨਾਲ ਸਿੱਜ਼ਦਾ ਕੀਤਾ।
ਸੰਗਰੂਰ ਜਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਛੋਟੀ ਉਮਰ `ਚ ਹੀ ਆਪਣੇ ਮਾਂ ਬਾਪ ਦੇ ਸਾਏ ਤੋਂ ਵਾਂਝਾ ਹੋ ਗਿਆ ਸੀ।ਉਨ੍ਹਾਂ ਆਪਣੀ ਪੜ੍ਹਾਈ ਵੀ ਯਤੀਮਖਾਨੇ `ਚ ਰਹਿ ਕੇ ਕੀਤੀ।ਛੋਟੀ ਉਮਰ ਦੇ ਬਾਵਜ਼ੂਦ ਵੀ ਸ਼ਹੀਦ ਊਧਮ ਸਿੰਘ ਨੇ ਆਪਣੇ ਆਪ ਨੂੰ ਮੌਕੇ ਦੀਆਂ ਹਾਲਤਾਂ ਨੂੰ ਸਮਝ ਕੇ ਜ਼ਿੰਦਗੀ ਜਿਊਣ ਲਈ ਮਾਨਸਿਕ ਤੌਰ `ਤੇ ਤਿਆਰ ਕੀਤਾ।13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ `ਚ ਬਰਤਾਨਵੀ ਹਕੂਮਤ ਵਲੋਂ ਲਿਆਂਦੇ ਗਏ ਰੋਲਟ ਐਕਟ ਦਾ ਵਿਰੋਧ ਕਰਨ ਲਈ ਕਿਰਤੀ ਲੋਕਾਂ ਵਲੋਂ ਵੱਡਾ ਇਕੱਠ ਰੱਖਿਆ ਹੋਇਆ ਸੀ।ਊਧਮ ਸਿੰਘ ਪਾਣੀ ਪਿਲਾਉਣ ਦੀ ਡਿਊਟੀ ਨਿਭਾਅ ਰਿਹਾ ਸੀ।ਉਸ ਸਮੇਂ ਅੰਗਰੇਜ਼ ਹਕੂਮਤ ਨੇ ਅੰਨ੍ਹੇਵਾਹ ਅਠਾਰਾਂ ਮਿੰਟ ਗੋਲੀਆਂ ਚਲਾ ਕੇ ਸੈਂਕੜਿਆਂ ਦੀ ਗਿਣਤੀ `ਚ ਇਕੱਠੇ ਹੋਏ ਨਿਹੱਥੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ।ਇਸ ਘਟਨਾ ਨੇ ਸ਼ਹੀਦ ਊਧਮ ਸਿੰਘ ਦੇ ਮਨ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ।ਉਸ ਤੋਂ ਬਾਅਦ ਉਨ੍ਹਾਂ ਬਰਤਾਨੀਆ ਦੀ ਬ੍ਰਿਟਿਸ਼ ਹਕੂਮਤ ਨੂੰ ਦੇਸ਼ ਚੋਂ ਕੱਢ ਕੇ ਭਾਰਤੀ ਲੋਕਾਂ ਦੇ ਗਲੋਂ ਗ਼ੁਲਾਮੀ ਦਾ ਜੂਲਾ ਲਾਹ ਕੇ ਬਰਾਬਰਤਾ ਦਾ ਰਾਜ ਲਿਆਉਣ ਲਈ ਆਪਣੀ ਪੂਰੀ ਜ਼ਿੰਦਗੀ ਲਾਉਣ ਦਾ ਫੈਸਲਾ ਕੀਤਾ।ਇਸੇ ਦੋਰਾਨ ਉਨ੍ਹਾਂ 20 ਸਾਲਾਂ ਬਾਅਦ ਜਲਿਆਂਵਾਲਾ ਵਾਲਾ ਬਾਗ ਦੇ ਸ਼ਹੀਦਾਂ ਦੇ ਕਾਤਲ ਨੂੰ ਮਾਰਨ ਲਈ ਆਪਣੇ ਮਨ ਅੰਦਰ ਲਏ ਫੈਸਲੇ ਨੂੰ ਪੂਰਾ ਕਰਨ ਲਈ ਇੰਗਲੈਂਡ ਪਹੁੰਚ ਕੇ ਸਰ ਮਾਈਕਲ ਉਡਵਾਇਰ ਨੂੰ ਇੱਕ ਭਰੀ ਹੋਈ ਸਭਾ `ਚ ਗੋਲੀਆਂ ਮਾਰ ਕੇ 13 ਮਾਰਚ 1940 ਨੂੰ ਕਤਲ ਕਰਕੇ ਆਪਣੇ ਆਪ ਨੂੰ ਬ੍ਰਿਟਿਸ਼ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ।ਉਡਵਾਇਰ ਨੂੰ ਮਾਰਨ ਦੇ ਦੋਸ਼ `ਚ 31 ਜੁਲਾਈ 1940 ਨੂੰ ਸਾਡੇ ਇਸ ਕੌਮੀ ਹੀਰੇ ਨੂੰ ਫਾਂਸੀ `ਤੇ ਲਟਕਾ ਦਿੱਤਾ ਗਿਆ।ਬੁਲਾਰਿਆਂ ਨੇ ਕਿਹਾ ਕਿ ਅੱਜ ਦੀਆਂ ਹਾਲਤਾਂ ਵੀ ਉਸ ਬੀਤੇ ਸਮੇਂ ਸਰਮਾਏਦਾਰਾਂ ਵਲੋਂ ਕੀਤੀ ਜਾ ਰਹੀ ਕਿਰਤੀ ਲੋਕਾਂ ਦੀ ਲੁੱਟ ਤੋਂ ਵੱਖਰੀਆਂ ਨਹੀਂ। ਇਸ ਕਰਕੇ ਉਹ ਅਹਿਦ ਕਰਦੇ ਹਨ ਜਿੰਨਾ ਚਿਰ ਸਾਡੇ ਇਨ੍ਹਾਂ ਕੌਮੀ ਸ਼ਹੀਦਾਂ ਦੇ ਸੁਪਨਿਆਂ (ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ) ਨੂੰ ਸਾਕਾਰ ਨਹੀਂ ਕਰ ਲਿਆ ਜਾਂਦਾ।ਉਨ੍ਹਾਂ ਚਿਰ ਲੁਟੇਰੀਆਂ ਹਕੂਮਤਾਂ ਵਲੋਂ ਲਿਆਂਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੜਦੇ ਰਹਾਂਗੇ।
ਆਗੂਆਂ ਨੇ ਕਿਹਾ ਇਸ ਬਹਾਦਰਾਨਾ ਕਾਰਵਾਈ `ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਮਗੜ੍ਹ `ਚ ਹੋਏ ਇਜ਼ਲਾਸ `ਚ ਗਾਂਧੀ ਨੇ ਇਉਂ ਟਿੱਪਣੀ ਕੀਤੀ ਕਿ ਸਰਮਾਈਕਲ ਓਡਵਾਇਰ ਦੀ ਮੌਤ ਅਤੇ ਉਨ੍ਹਾਂ ਦੇ ਸਾਥੀਆਂ ਦੇ ਜ਼ਖਮੀ ਹੋਣ `ਤੇ ਮੈਨੂੰ ਬਹੁਤ ਦੁੱਖ ਹੈ।ਮੈਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਾ ਹਾਂ ਅਤੇ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ।ਇਹੋ ਜਿਹੇ ਕਾਰਨਾਮੇ ਉਨ੍ਹਾਂ ਦੇ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।ਇਸ ਮੌਕੇ ਮੌਲਾਨਾ ਆਜ਼ਾਦ, ਕਪੂਰਥਲਾ ਦੇ ਮਹਾਰਾਜਾ ਜਗਜੀਤ ਸਿੰਘ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਰ ਮਾਈਕਲ ਓਡਵਾਇਰ ਦੀ ਮੌਤ `ਤੇ ਅਫ਼ਸੋਸ ਜ਼ਾਹਿਰ ਕੀਤਾ ਅਤੇ ਭਾਰਤ ਦੇ ਕਰੋੜਾਂ ਲੋਕਾਂ ਨਾਲ ਇਨ੍ਹਾਂ ਕੌਮੀ ਹੀਰਿਆਂ ਨਾਲ ਗਦਾਰੀ ਕੀਤੀ।
ਮੋਗਾ ਜ਼ਿਲ੍ਹੇ ਤੋਂ ਬਚਿੱਤਰ ਕੌਰ ਤਲਵੰਡੀ ਮੱਲੀਆਂ ਅਤੇ ਸੁਖਜੀਤ ਕੌਰ ਮਾਨਸਾ ਨੇ ਕਿਹਾ ਕਿ ਸਾਨੂੰ ਅੱਜ ਸਮੇਂ ਦੀ ਲੋੜ ਮੁਤਾਬਿਕ ਸਾਡੇ ਇਨ੍ਹਾਂ ਕੌਮੀ ਸ਼ਹੀਦਾਂ ਤੋਂ ਸੇਧ ਲੈ ਕੇ ਉਨ੍ਹਾਂ ਦੇ ਪਾਏ ਪੂਰਨਿਆਂ `ਤੇ ਚੱਲਣ ਦੀ ਲੋੜ ਹੈ ਕਿਉਂਕਿ ਬ੍ਰਿਟਿਸ਼ ਹਕੂਮਤ ਵੇਲੇ ਦੀਆਂ ਨੀਤੀਆਂ ਅੱਜ ਵੀ ਸਾਡੇ ਭਾਰਤ `ਚ ਲੁਟੇਰੇ ਹਾਕਮਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਹਨ।ਸਟੇਜ਼ ਸੰਚਾਲਨ ਦੀ ਭੂਮਿਕਾ ਐਮ.ਪੀ ਸਿੰਘ ਮੁਕਤਸਰ ਨੇ ਬਾਖੂਬੀ ਨਿਭਾਈ ਅਤੇ ਬਿੱਟੂ ਮੱਲਣ, ਜਸਵੰਤ ਸਿੰਘ ਤੋਲਾਵਾਲ, ਸੁਖਵੰਤ ਸਿੰਘ ਵਲਟੋਹਾ ਅਤੇ ਗੁਰਦੇਵ ਸਿੰਘ ਪਟਿਆਲਾ ਨੇ ਵੀ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media