ਵਿਗਿਆਨਕ ਚੇਤਨਾ ਸਿਹਤਮੰਦ ਸਮਾਜ ਲਈ ਜਰੂਰੀ – ਜ਼ਿਲਾ ਸਿਖਿਆ ਅਫਸਰ
ਅੰਮ੍ਰਿਤਸਰ, 24 ਅਗਸਤ (ਖੁਰਮਣੀਆਂ) – ਵਿਗਿਆਨ ਨੂੰ ਵਿਦਿਆਰਥੀਆਂ ਅਤੇ ਜਨਸਾਧਾਰਣ ਦੀ ਚੇਤਨਾ ਦਾ ਹਿੱਸਾ ਬਣਾਉਣ ਹਿੱਤ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਸਾਇੰਸ ਕਲੱਬ ਸਾਇਰੌਕਸ ਵਲੋਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੀਰ-ਰਿਵਿਓਡ ਤਿਮਾਹੀ ਸਾਇੰਸ ਐਜੂਕੇਸ਼ਨ ਜਰਨਲ ’ਇਨਰਟੀਆ’ ਸ਼ੁਰੂ ਕੀਤਾ।ਜਿਸ ਦਾ ਅੱਜ ਪਹਿਲਾ ਅੰਕ ਜਾਰੀ ਕੀਤਾ ਗਿਆ।ਇਸ ਜਰਨਲ ਦਾ ਮੁੱਖ ਉਦੇਸ਼ ਮੁੱਢਲੇ ਖੋਜਾਰਥੀਆਂ ਦੇ ਸਾਇੰਸ ਆਰਟੀਕਲ ਪ੍ਰਕਾਸ਼ਿਤ ਕਰਨਾ ਹੈ ਤਾਂ ਜੋ ਵਿਗਿਆਨ ਨੂੰ ਵੱਖ-ਵੱਖ ਉਮਰ ਵਰਗਾਂ, ਪਿਛੋਕੜਾਂ ਅਤੇ ਖੇਤਰਾਂ ਵਿੱਚ ਮਕਬੂਲ ਕੀਤਾ ਜਾ ਸਕੇ।
ਸਥਾਨਕ ਮਾਲ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ’ਚ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਜ਼ਿਲ੍ਹਾ ਸਿਖਿਆ ਅਫਸਰ (ਐਸ.ਈ) ਸਤਿੰਦਰਬੀਰ ਸਿੰਘ ਨੇ ਯੂਨੀਵਰਸਿਟੀ ਦੇ ਸਾਇੰਸ ਕਲੱਬ ਦੇ ਇਸ ਅੰਤਰ-ਅਨੁਸ਼ਾਸਨੀ ਸਾਇੰਸ ਐਜੂਕੇਸ਼ਨ ਜਰਨਲ ’ਇਨਰਟੀਆ’ ਦਾ ਪਲੇਠਾ ਅੰਕ ਰਲੀਜ਼ ਕੀਤਾ।ਉਨ੍ਹਾਂ ਕਿਹਾ ਕਿ ਇਹ ਜਰਨਲ ਕਾਲਜਾਂ ਯੂਨੀਵਰਸਿਟੀਆਂ ਦੇ ਮੁੱਢਲੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ ਅਤੇ ਵਿਗਿਆਨਕ ਚੇਤਨਾ ਨਾਲ ਲਬਰੇਜ਼ ਸਮਾਜ ਦੀ ਸਿਰਜਣਾ ਲਈ ਇਹ ਜਰਨਲ ਭਰਪੂਰ ਯੋਗਦਾਨ ਦੇ ਸਕਦਾ ਹੈ ।
ਐਡੀਟਰ ਇਨ ਚੀਫ ਡਾ. ਬਿੰਦੀਆ ਅਰੋੜਾ ਨੇ ਕਿਹਾ ਕਿ ਇਸ ਪਹਿਲੇ ਅੰਕ ਵਿਚ ਵੱਖ-ਵੱਖ ਆਰਟੀਕਲਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਯੂਨੀਵਰਸਿਟੀ ਦੇ ਆਨਰੇਰੀ ਪ੍ਰੋਫੈਸਰ ਆਰ.ਸੀ ਸਿੰਘ, ਸੀ.ਐਸ.ਆਈ.ਆਰ-ਸੀ.ਸੀ.ਐਮ.ਬੀ ਹੈਦਰਾਬਾਦ ਦੇ ਸਾਇੰਸ ਕਮਿਊਨੀਕੇਸ਼ਨ ਅਫਸਰ ਡਾ. ਸੋਮਦੱਤਾ ਕਰਕ ਅਤੇ ਹੋਰ ਸਖਸ਼ੀਅਤਾਂ ਦੇ ਸੰਦੇਸ਼ ਵੀ ਸ਼ਾਮਿਲ ਹਨ।
ਪ੍ਰੋ. ਆਰ.ਸੀ ਸਿੰਘ ਨੇ ਕਿਹਾ ਕਿ ਇਸ ਜਰਨਲ ਦਾ ਮੁੱਢਲਾ ਨਿਸ਼ਾਨਾ ਇਹ ਵੀ ਹੈ ਕਿ ਵਿਗਿਆਨ ਨੂੰ ਖੇਤਰੀ ਭਾਸ਼ਾਵਾਂ ਵਿੱਚ ਆਮ ਮਸ਼ਹੂਰ ਬਣਾਇਆ ਜਾਵੇ ਅਤੇ ਵਿਗਿਆਨ ਦਾ ਸੰਦੇਸ਼ ਘਰ-ਘਰ ਪੁਚਾਇਆ ਜਾਵੇ। ਇਨਰਟੀਆ ਦੇ ਐਡੀਟਰ ਯਤਿਨ ਬਤਰਾ ਜਰਨਲ ਬਾਰੇ ਵਿਸਥਾਰ ਵਿਚ ਦਸਦਿਆਂ ਸਾਰਿਆਂ ਦਾ ਧੰਨਵਾਦ ਕੀਤਾ।
ਪ੍ਰੋ. ਆਰ.ਸੀ ਸਿੰਘ ਅਤੇ ਡਾ. ਬਿੰਦੀਆ ਅਰੋੜਾ ਨੇ ਸਕੂਲ ਦੀਆਂ ਵਿਗਿਆਨ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰਯੋਗੀ ਸਿਖਿਆ ਦੀ ਮਹੱਤਤਾ ਬਾਰੇ ਦੱਸਿਆ।
Punjab Post Daily Online Newspaper & Print Media