Wednesday, March 11, 2026

ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ 3 ਸਤੰਬਰ ਤੋਂ ਹੋਵੇਗੀ ਸ਼ੁਰੂ

ਅੰਮ੍ਰਿਤਸਰ ਤੋਂ ਲੰਡਨ ਲਈ ਕਾਰਗੋ ਦਾ ਵਪਾਰ ਮੁੜ ਹੋਇਆ ਸ਼ੁਰੂ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਅਤੇ ਯੂ.ਕੇ ਦਰਮਿਆਨ ਉਡਾਣਾਂ ਦੀ ਵੱਡੀ ਮੰਗ ਨੂੰ ਮੁੱਖ ਰੱਖਦੇ ਹੋਏ ਏਅਰ ਇੰਡੀਆ 3 ਸਤੰਬਰ ਤੋਂ ਆਪਣੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਮੁੜ ਸ਼ੁਰੂ ਕਰ ਰਹੀ ਹੈ।ਯੂ.ਕੇ ਸਰਕਾਰ ਵਲੋਂ 8 ਅਗਸਤ ਤੋਂ ਭਾਰਤ ਦਾ ਨਾਮ ‘ਲਾਲ’ ਸੂਚੀ ਤੋਂ ਹਟਾ ਕੇ ਇਸ ਨੂੰ ‘ਏਂਬਰ’ ਸੂਚੀ ਵਿੱਚ ਪਾ ਦਿੱਤੇ ਜਾਣ ਤੋਂ ਬਾਅਦ ਉਡਾਣਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ।
                       ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਹਰ ਹਫਤੇ ਵਿੱਚ ਇਕ ਸਿੱਧੀ ਉਡਾਣ 3 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।ਇਹ ਉਡਾਣ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:00 ਵਜੇ ਉਡਾਣ ਭਰੇਗੀ ਅਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਨੀਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ `ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ ਕੀਤੀ ਜਾ ਸਕਦੀ ਹੈ।
                ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਨੇ 16 ਅਗਸਤ ਨੂੰ ਅੰਮ੍ਰਿਤਸਰ ਤੋਂ ਲੰਡਨ ਹੀਥਰੋ ਲਈ ਹਰ ਹਫਤੇ ਵਿੱਚ ਇਕ ਦਿਨ ਸਿੱਧੀ ਉਡਾਣ ਦੁਬਾਰਾ ਸ਼ੁਰੂ ਕੀਤੀ ਸੀ।ਯੂ.ਕੇ ਨਾਲ ਇਸ ਸਿੱਧੇ ਹਵਾਈ ਸੰਪਰਕ ਨਾਲ ਇੱਕ ਵਾਰ ਫਿਰ ਅੰਮ੍ਰਿਤਸਰ ਤੋਂ ਯੂ.ਕੇ ਲਈ ਕਾਰਗੋ ਵਪਾਰ ਮੁੜ ਸ਼ੁਰੂ ਹੋ ਗਿਆ ਹੈ।ਏਅਰਪੋਰਟ ਅਥਾਰਟੀ ਵਲੋਂ ਕੀਤੇ ਗਏ ਟਵੀਟ ਦੇ ਅਨੁਸਾਰ 17 ਅਗਸਤ ਨੂੰ ਹੀਥਰੋ ਲਈ ਪਹਿਲੀ ਉਡਾਣ ਤੇ 6270 ਕਿਲੋ ਬੇਬੀ ਕੋਰਨ ਅਤੇ ਅੰਬ ਦਾ ਅਚਾਰ ਭੇਜਿਆ ਗਿਆ ਸੀ ਜੋ ਕਿ 24 ਅਗਸਤ ਦੀ ਉਡਾਣ ਵਿੱਚ ਵਧ ਕੇ 9100 ਕਿਲੋ ਹੋ ਗਿਆ, ਜਿਸ ਵਿੱਚ ਖੇਡਾਂ ਦਾ ਸਾਮਾਨ ਵੀ ਸ਼ਾਮਲ ਸੀ।
                  ਲੰਡਨ ਅਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ, ਅੰਮ੍ਰਿਤਸਰ ਵਿਕਾਸ ਮੰਚ (ਐਨ.ਜੀ.ਓ) ਦੇ ਸਕੱਤਰ ਯੋਗੇਸ਼ ਕਰਮਾ ਨੇ ਕਿਹਾ, “ਇਨ੍ਹਾਂ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨ ਅਤੇ ਵਪਾਰੀਆਂ ਨੂੰ ਸਬਜ਼ੀਆਂ, ਫਲ, ਅਤੇ ਹੋਰ ਵਸਤੂਆਂ ਵਿਦੇਸ਼ ਭੇਜਣ ਵਿੱਚ ਆਸਾਨੀ ਹੋਵੇਗੀ।
ਸੇਵਾ ਟਰੱਸਟ ਯੂਕੇ ਦੇ ਚੇਅਰਮੈਨ, ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਇਸ ਉਡਾਣ ਦੇ ਮੁੜ ਸ਼ੁਰੂ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਬਰਮਿੰਘਮ ਦੇ ਨਾਲ ਲਗਦੇ ਸ਼ਹਿਰਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੂੰ ਹੁਣ ਕੋਰੋਨਾ ਦੇ ਦੋਰਾਨ ਸਫਰ ਕਰਨ ਵਿੱਚ ਸਹੂਲਤ ਹੋਵੇਗੀ।ਉਹਨਾਂ ਨੂੰ ਹੁਣ ਉਡਾਣ ਲਈ ਦਿੱਲੀ ਰਾਹੀਂ ਯਾਤਰਾ ਨਹੀਂ ਕਰਨੀ ਪਵੇਗੀ।ਸੇਵਾ ਟਰੱਸਟ ਅਤੇ ਅੰਮ੍ਰਿਤਸਰ ਵਿਕਾਸ ਮੰਚ 2018 ਤੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀਆਂ ਉਡਾਣਾਂ ਦੀ ਸਾਂਝੀ ਮੁਹਿੰਮ ਨੂੰ ਚਲਾ ਰਹੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …