Saturday, February 21, 2026

ਸਿੱਖਿਆ ਵਿਭਾਗ ਵਲੋਂ ਅੰਮ੍ਰਿਤਸਰ ਜਿਲ੍ਹੇ ਦੇ 4 ਅਧਿਆਪਕਾਂ ਨੂੰ ਸੂਬਾ ਪੁਰਸਕਾਰ

ਅਧਿਆਪਕਾਂ ਨੂੰ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਕੀਤਾ ਸਨਮਾਨਿਤ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਰਚੁਅਲ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੰਮ੍ਰਿਤਸਰ ਜਿਲ੍ਹੇ ਦੇ 4 ਅਧਿਆਪਕਾਂ ਸਮੇਤ ਵੱਖ-ਵੱਖ ਜਿਲ੍ਹਿਆਂ ਦੇ 80 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
                   ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਆਪਕ ਦਿਵਸ ਮੌਕੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਐਸ.ਡੀ.ਐਮ ਰਜੇਸ਼ ਸ਼ਰਮਾ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਸੁਸ਼ੀਲ ਕੁਮਾਰ ਤੁਲੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ, ਹਰਭਗਵੰਤ ਸਿੰਘ, ਸ੍ਰੀਮਤੀ ਰੇਖਾ ਮਹਾਜਨ (ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ) ਵਲੋਂ ਸਾਂਝੇ ਤੌਰ ‘ਤੇ ਸਟੇਟ ਅਧਿਆਪਕ ਐਵਾਰਡ ਲਈ ਚੁਣੇ ਗਏ ਨਰਿੰਦਰ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਚਵਿੰਡਾ ਕਲਾਂ, ਪ੍ਰਿੰਸੀਪਲ ਗੁਰਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਲਵੰਡੀ ਦਸੌਂਧਾ ਸਿੰਘ ਅਤੇ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵਲੋਂ ਸਟੇਟ ਐਵਾਰਡ ਲਈ ਨਾਮਜ਼ਦ ਕੀਤੇ ਗਏ ਅਧਿਆਪਕ ਮੈਡਮ ਆਦਰਸ਼ ਸ਼ਰਮਾ ਅੰਗਰੇਜ਼ੀ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਅਤੇ ਸ੍ਰੀਮਤੀ ਗੁਰਜੀਤ ਕੌਰ ਪੰਜਾਬੀ ਅਧਿਆਪਕਾ ਸਰਕਾਰੀ ਹਾਈ ਸਮਾਰਟ ਸਕੂਲ ਪੁਤਲੀਘਰ ਨੂੰ ਸਰਟੀਫਿਕੇਟ ਸ਼ਾਲ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
                   ਵਰਚੁਅਲ ਸਨਮਾਨ ਸਮਾਰੋਹ ਦੌਰਾਨ ਆਪਣੇ ਸੰਬੋਧਨ ‘ਚ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ‘ਚ ਰਾਜ ਅੰਦਰ ਸਿੱਖਿਆ ਪ੍ਰਣਾਲੀ ਦੀ ਸਮੁੱਚੀ ਨੁਹਾਰ ਬਦਲ ਦਿੱਤੀ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਪੰਜਾਬ ਦੇਸ਼ ਭਰ ‘ਚ ਸਿੱਖਿਆ ਦੇ ਖੇਤਰ ‘ਚ ਮੋਹਰੀ ਹੋ ਕੇ ਉਭਰਿਆ ਹੈ।
                     ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨਾਂ ਦੇ ਜਨਮ ਦਿਨ ਤੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਹੋਣ ਦੇ ਬਵਜ਼ੂਦ ਇੱਕ ਅਧਿਆਪਕ ਅਖਵਾਉਣਾ ਵੱਧ ਪਸੰਦ ਕੀਤਾ ਸੀ।
                              ਐਸ.ਡੀ.ਐਮ ਅੰਮ੍ਰਿਤਸਰ ਰਾਜੇਸ਼ ਸ਼ਰਮਾ, ਸਤਿੰਦਰਬੀਰ ਸਿੰਘ ਅਤੇ ਸੁਸ਼ੀਲ ਕੁਮਾਰ ਤੁੱਲੀ ਨੇ ਸਮੂਹ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀਆਂ ਵਧਾਈ ਦਿੱਤੀ।ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਅਧਿਆਪਕਾਂ ਦੀ ਮਿਹਨਤ ਅਤੇ ਸਮਾਜ ਸੇਵਾ ਸਦਕਾ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਸਾਹਮਣੇ ਆਇਆ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ ਬਲਾਕ ਨੋਡਲ ਅਫਸਰ ਖੇਡਾਂ ਰਾਜਦੀਪ ਸਿੰਘ ਸਟੈਨੋ, ਮੁਨੀਸ਼ ਕੁਮਾਰ ਮੇਘ ਸਹਾਇਕ ਕੋਆਰਡੀਨੇਟਰ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …