60 ਥਾਵਾਂ ਤੋਂ ਮਿਲਿਆ ਲਾਰਵਾ ਕੀਤਾ ਨਸ਼ਟ
ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਬਰਸਾਤੀ ਮੌਸਮ ਵਿਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ
ਦੀਪਤੀ ਉੱਪਲ ਵਲੋਂ ਸਿਹਤ ਵਿਭਾਗ ਤੇ ਨਗਰ ਨਿਗਮਾਂ ਤੇ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਸਬੰਧੀ ਮੁਹਿੰਮ ਨੂੰ ਹੋਰ ਤੇਜ਼ ਕਰਨ।
ਉਨ੍ਹਾਂ ਕਪੂਰਥਲਾ ਨਗਰ ਨਿਗਮ ਕਮਿਸ਼ਨਰ ਅਦਿਤਿਆ ਉੱਪਲ, ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਰਾਜੀਵ ਵਰਮਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ ਤੇ ਨਗਰ ਕੌਸਲਾਂ ਦੇ ਕਾਰਜਸਾਧਕ ਅਫਸਰਾਂ ਨੂੰ ਕਿਹਾ ਕਿ ਡੇਂਗੂ ਦੇ ਲਾਰਵੇ ਦੀ ਪਛਾਣ ਕਰਕੇ ਉਸ ਨੂੰ ਨਸ਼ਟ ਕਰਨ ਤੇ ਸਬੰਧਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੀਤੇ ਜਾਣ।ਇਸ ਤੋਂ ਇਲਾਵਾ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿਖੇ ਲਾਰਵੇ ਦੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ 7 ਟੀਮਾਂ ਵਲੋਂ ਪਿਛਲੇ ਇਕ ਮਹੀਨੇ ਤੋਂ ਲਾਰਵੇ ਦੀ ਪਹਿਚਾਣ ਕਰਕੇ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਜਾਗਰੂਕਤਾ ਲਈ ਲਿਟਰੇਚਰ ਵੀ ਵੰਡਿਆ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਰਕਾਰੀ ਦਫਤਰਾਂ, ਘਰਾਂ, ਦੁਕਾਨਾਂ ਸਮੇਤ 11000 ਥਾਵਾਂ ’ਤੇ ਜਾਂਚ ਕੀਤੀ ਗਈ ਹੈ, ਜਿਸ ਵਿਚੋਂ 60 ਥਾਵਾਂ ’ਤੇ ਮਿਲੇ ਲਾਰਵੇ ਨੂੰ ਨਸ਼ਟ ਕੀਤਾ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਬਰਸਾਤ ਦੌਰਾਨ ਘਰਾਂ ਦੇ ਆਲੇ ਦੁਆਲੇ, ਘਰਾਂ ਦੀਆਂ ਛੱਤਾਂ ਤੇ ਕਬਾੜ ਜਾਂ ਪੁਰਾਣੇ ਟਾਇਰਾਂ ਵਿਚ ਪਾਣੀ ਜਮਾਂ ਨਾ ਹੋਣ ਦੇਣ।ਕੂਲਰਾਂ, ਫਰਿੱਜ਼ਾਂ ਦੀਆਂ ਟਰੇਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਸੁਖਾਇਆ ਜਾਏ ਅਤੇ ਘਰਾਂ ਦੀਆਂ ਛੱਤਾਂ ‘ਤੇ ਪਈਆਂ ਟੈਂਕੀਆਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਏ।
ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਇਸ ਮੌਸਮ ਵਿਚ ਪੂਰੀਆਂ ਬਾਹਾਂ ਦੇ ਕਪੜੇ ਪਾਏ ਜਾਣ, ਮੱਛਰਦਾਨੀਆਂ ਦਾ ਪ੍ਰਯੋਗ ਕੀਤਾ ਜਾਏ।ਬੁਖਾਰ, ਸਿਰਦਰਦ, ਸਰੀਰ ਦਰਦ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਏ ਤੇ ਸੈਲਫ ਮੈਡੀਕੇਸ਼ਨ ਤੋਂ ਬਚਿਆ ਜਾਏ।
Punjab Post Daily Online Newspaper & Print Media