ਅੰਮ੍ਰਿਤਸਰ, 19 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਲੋਂ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਪੰਜਾਬ
ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ ਕੀਤਾ ਗਿਆ। ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਸਨਮਾਨ ਭੇਟ ਕੀਤਾ।ਉਨਾਂ ਬੱਚਿਆਂ ਨੂੰ ਅਧਿਆਪਕ ਦੀ ਅਹਿਮੀਅਤ ਅਤੇ ਇਕ ਸਫ਼ਲ ਇਨਸਾਨ ਪਿੱਛੇ ਟੀਚਰ ਦੀ ਦੇਣ ਬਾਰੇ ਦੱਸਿਆ।
ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।ਆਨਰੇਰੀ ਸਕੱਤਰ ਛੀਨਾ ਨੇ ਦੱਸਿਆ ਕਿ ਪੰਜਾਬ ਭਰ ਦੇ ਅਧਿਆਪਕਾਂ ਦੁਆਰਾ ਅਧਿਆਪਨ ਅਤੇ ਸਮਾਜਿਕ ਖੇਤਰ ’ਚ ਦਿੱਤੇ ਯੋਗਦਾਨ ਲਈ ਖਾਸ ਪਹਿਚਾਣ ਦਿਵਾਉਣ ਲਈ ਉਕਤ ਐਵਾਰਡ ਲਈ ਐਂਟਰੀਆਂ ਮੰਗਵਾਈਆਂ ਗਈਆਂ ਸਨ ਜਿਸ ’ਚ ਪੰਜਾਬ ਭਰ ਤੋਂ 50 ਦੇ ਕਰੀਬ ਅਧਿਆਪਕਾਂ ਨੇ ਅਪਲਾਈ ਕੀਤਾ।ਉਨ੍ਹਾਂ ਕਿਹਾ ਕਿ ਇਹ ਉਪਰਾਲਾ ਕਾਲਜ ਅਤੇ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਸਾਂਝੇ ਤੌਰ ’ਤੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਕ ਅਧਿਆਪਕ ਦੀ ਸਖਤ ਮਿਹਨਤ ਸਦਕਾ ਹੀ ਬੱਚੇ ਸਿਖ਼ਰਾਂ ਨੂੰ ਛੂੰਹਦੇ ਹੋਏ ਜੀਵਨ ’ਚ ਆਪਣੇ ਅਸਲ ਮਕਸਦ ਨੂੰ ਪਛਾਣਦੇ ਹਨ।
ਆਨਰੇਰੀ ਸਕੱਤਰ ਨੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਸਰਬਜੀਤ ਸਿੰਘ ਹੁਸ਼ਿਆਰ ਨਗਰ ਨਾਲ ਮਿਲ ਕੇ ਹਰਮੀਤ ਸਿੰਘ (ਲੈਕਚਰਾਰ, ਪੋਲੀਟੀਕਲ ਸਾਇੰਸ, ਬਾਬਾ ਸੋਹਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾਂ ਕਲਾਂ) ਨੂੰ ‘ਬੈਸਟ ਟੀਚਰ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ।ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ।ਉਨ੍ਹਾਂ ਦੂਸਰੇ ਨੰਬਰ ’ਤੇ ਆਈ ਸ੍ਰੀਮਤੀ ਪ੍ਰੇਰਨਾ ਖੰਨਾ (ਸਪੈਸ਼ਲ ਐਜੂਕੇਟਰ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ) ਨੂੰ ਪ੍ਰਸੰਸਾ ਪੱਤਰ ਅਤੇ 25000 ਰੁਪਏ ਦੀ ਰਾਸ਼ੀ ਅਤੇ ਸੁਨਿੰਦਰਪਾਲ ਸਿੰਘ (ਈ.ਟੀ.ਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਮੁਰਾਦਪੁਰ ਨਰਿਆਲ) ਨੂੰ 15000 ਰੁਪਏ ਅਤੇ ਪ੍ਰਸੰਸਾ ਪੱਤਰ ਨਾਲ ਨਿਵਾਜ਼ਿਆ ਗਿਆ।
ਸ਼ਾਰਟਲਿਸਟ ਕੀਤੇ ਗਏ 5 ਹੋਰ ਅਧਿਆਪਕ ਦੀਪਕ ਕੁਮਾਰ, ਅਮਨਿੰਦਰਜੀਤ ਸਿੰਘ ਕੋਹਲੀ, ਮੈਡਮ ਗੁਨੀਤ ਅਰੋੜਾ, ਸ੍ਰੀਮਤੀ ਅਮਿਤਾ ਸ਼ਿੰਗਾਰੀ ਨੂੰ ਵੀ ਸ਼ਾਲ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਆ ਗਿਆ।ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਐਵਾਰਡ ਦਾ ਆਯੋਜਨ ਡਾ: ਨਿਰਮਲਜੀਤ ਕੌਰ ਸੰਧੂ, ਡਾ: ਗੁਰਜੀਤ ਕੌਰ, ਡਾ: ਬਿੰਦੂ ਸ਼ਰਮਾ, ਡਾ: ਮਨਿੰਦਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਡਾ: ਅਵਨੀਤ ਦੀ ਅਗਵਾਈ ਹੇਠ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media