ਨਵਾਂਸ਼ਹਿਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀਨੀਅਰ
ਮੈਡੀਕਲ ਅਫਸਰ ਨਵਾਂਸ਼ਹਿਰ ਡਾ. ਮਨਦੀਪ ਕਮਲ ਦੀ ਯੋਗ ਅਗਵਾਈ ਹੇਠ ਐਕਟਿਵ ਕੇਸ ਫਾਈਂਡਿੰਗ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੀ ਸਲੱਮ ਵਸੋਂ ਵਾਲੇ ਖੇਤਰਾਂ ਵਿਚ ਟੀ.ਬੀ ਦੇ ਮਰੀਜ਼ਾਂ ਦੀ ਪਛਾਣ ਕਰਨ ਲਈ ਅੱਜ ਸਰਵੇ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਐਸ.ਐਮ.ਓ ਮਨਦੀਪ ਕਮਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਟੀ.ਬੀ ਖਾਤਮਾ ਪ੍ਰੋਗਰਾਮ (ਐੱਨ.ਟੀ.ਈ.ਪੀ) ਤਹਿਤ ਦੇਸ਼ ਵਿਚੋਂ ਟੀ.ਬੀ ਦੀ ਬਿਮਾਰੀ ਨੂੰ ਸਾਲ 2025 ਵਿਚ ਖਤਮ ਕਰਨ ਦਾ ਟੀਚਾ ਮਿਥਿਆ ਹੋਇਆ ਹੈ, ਜਿਸ ਨੂੰ ਪੂਰਾ ਕਰਨ ਲਈ ਟੀਬੀ ਦੇ ਮਰੀਜ਼ਾਂ ਦੀ ਜਲਦ ਪਛਾਣ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ।ਇਸ ਲਈ ਜ਼ਿਲ੍ਹੇ ਦੀ ਸਲੱਮ ਵਸੋਂ ਵਾਲੇ ਖੇਤਰਾਂ ਵਿਚ ਟੀ.ਬੀ ਦੇ ਮਰੀਜ਼ਾਂ ਦੀ ਪਛਾਣ ਲਈ ਐਕਟਿਵ ਕੇਸ ਫਾਈਂਡਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵੱਖ-ਵੱਖ ਸਰਵੇ ਟੀਮਾਂ ਘਰ-ਘਰ ਜਾ ਕੇ ਟੀਬੀ ਮਰੀਜ਼ਾਂ ਦੀ ਪਛਾਣ ਕਰਨਗੀਆਂ ਤਾਂ ਜੋ ਟੀ.ਬੀ ਦੇ ਮਰੀਜ਼ਾਂ ਦੀ ਸ਼ਨਾਖਤ ਕਰਕੇ ਇਸ ਬਿਮਾਰੀ ਨੂੰ ਅਗਾਂਹ ਫੈਲਣ ਤੋਂ ਰੋਕਿਆ ਜਾ ਸਕੇ।ਇਹ ਸਰਵੇ 20 ਅਕਤੂਬਰ ਤੱਕ ਜਾਰੀ ਰਹੇਗਾ।
ਡਾ. ਕਮਲ ਨੇ ਦੱਸਿਆ ਕਿ ਟੀ.ਬੀ ਇਕ ਖਤਰਨਾਕ ਬਿਮਾਰੀ ਹੈ।ਜੇਕਰ ਇਸ ਦਾ ਸਮੇਂ ਸਿਰ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।ਟੀ.ਬੀ ਦਾ ਮਰੀਜ਼ ਸਾਹ ਰਾਹੀਂ ਇਕ ਤੰਦਰੁਸਤ ਮਰੀਜ਼ ਨੂੰ ਇੰਫੈਕਸ਼ਨ ਦੇ ਸਕਦਾ ਹੈ।ਇਸ ਕਰਕੇ ਟੀ.ਬੀ ਦੇ ਮਰੀਜਾਂ ਨੂੰ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ।ਇਸ ਦੇ ਹੋਰ ਲੱਛਣਾਂ ਵਿਚ ਬੁਖਾਰ ਚੜਨਾ, ਭੁੱਖ ਘੱਟ ਲੱਗਣਾ, ਭਾਰ ਘਟ ਜਾਣਾ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜੇ ਦੋ ਹਫਤਿਆਂ ਤੋਂ ਜ਼ਿਆਦਾ ਲੰਬੀ ਖੰਘ ਹੈ ਤਾਂ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਟੀਬੀ ਲਾਇਲਾਜ਼ ਨਹੀਂ ਹੈ।ਮਰੀਜ਼ਾਂ ਨੂੰ ਟੀ.ਬੀ ਦਾ ਇਲਾਜ਼ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਟੀ.ਬੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ. ਗੁਰਪਾਲ ਕਟਾਰੀਆ, ਗਾਈਨਾਕੋਲੋਜਿਸਟ ਮੋਨਿਕਾ ਜੈਨ, ਐਲ.ਐਚ.ਵੀ ਬਲਵਿੰਦਰ ਕੌਰ ਸਮੇਤ ਟੀਮ ਮੈਂਬਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media