ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਰਾਣਾ ਸੂਗਰਜ ਲਿਮ ਅਤੇ ਐਰੀਜ਼ ਐਗਰੋ ਲਿਮ ਵਲੋ ਪਿੰਡ ਬੁੱਟਰ ਸਿਵੀਆ ਅੰਮ੍ਰਿਤਸਰ ਵਿਖੇ ਗੰਨਾ ਅਤੇ ਚੁਕੰਦਰ
ਦੀ ਆਉਣ ਵਾਲੀ ਬਿਜ਼ਾਈ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਰਾਣਾ ਗੁਰਜੀਤ ਸਿੰਘ ਭੂਮੀ ਅਤੇ ਜਲ ਸੰਭਾਲ, ਬਾਗਬਾਨੀ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਤੇ ਰੁਜਗਾਰ ਉਤਪਾਦਨ ਅਤੇ ਸਿਖਲਾਈ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਰਾਜੇਸ਼ ਵਸ਼ਿਸ਼ਟ ਮੁੱਖ ਭੂਮੀ ਪਾਲ ਪੰਜਾਬ, ਡਾ: ੳਮ ਪ੍ਰਕਾਸ਼ ਚੋਧਰੀ, ਪੀ.ਏ.ਯੂ ਲੁਧਿਆਣਾ ਦੇ ਭੂਮੀ ਵਿਗਿਆਨ ਵਿਭਾਗ ਦੇ ਮੁੱਖੀ, ਏ.ਆਈ.ਸੀ.ਆਰ.ਪੀ ਪੇਟ (ਆਲ ਇੰਡੀਆ ਕੋਆਰਡੀਨੇਸਨ ਰਿਸਰਚ ਪ੍ਰੋਜੈਕਟ ਆਨ ਪਲਾਸਟੀਕਲਚਰ ਇੰਜੀਨੀਅਰਿੰਗ ਐਂਡ ਟੈਕਨੋਲੋਜੀ), ਪੀ.ਏ.ਯੂ ਲੁਧਿਆਣਾ ਦੇ ਮੁੱਖ ਵਿਗਿਆਨੀ ਡਾ: ਰਾਕੇਸ਼ ਸ਼ਾਰਦਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ।ਰਾਣਾ ਸੂਗਰਸ਼ ਲਿਮ ਵਲੋਂ ਰਾਣਾ ਇੰਦਰ ਪ੍ਰਤਾਪ ਸਿੰਘ, ਮੈਨੇਜਿੰਗ ਡਾਇਰੈਕਟਰ, ਰਾਣਾ ਵੀਰ ਪ੍ਰਤਾਪ ਸਿੰਘ ਡਾਇਰੈਕਟਰ ਅਤੇ ਅਮਰੀਕ ਸਿੰਘ ਬੁੱਟਰ ਵਾਈਸ ਪ੍ਰੈਜ਼ੀਡੈਂਟ ਅਤੇ ਹੋਰ ਅਧਿਕਾਰੀ ਮੌਜ਼ੁਦ ਸਨ।ਸੈਮੀਨਾਰ ਵਿਚ ਐਰੀਜ ਐਗਰੋ ਲਿਮ ਮੁੰਬਈ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ: ਰਾਹੁਲ ਮੀਰਚੰਦਾਨੀ ਆਪਣੀ ਤਕਨੀਕੀ ਟੀਮ ਨਾਲ ਪਹੁੰਚੇ।ਪ੍ਰੋਗਰਾਮ ਵਿੱਚ 800 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਉਨਾਂ ਨੇ ਜ਼ਾਹਿਰਾਂ ਦੇ ਸੁਝਾਵਾਂ ਤੋਂ ਲਾਭ ਉਠਾਇਆ।
ਰਾਣਾ ਗੁਰਜੀਤ ਸਿੰਘ ਭੂਮੀ ਅਤੇ ਜਲ ਸੰਭਾਲ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਨਾਂ ਸਿਰਫ ਗੰਨੇ ਨੂੰ ਅਪਣਾ ਕੇ ਫਸਲੀ ਵਿਭਿੰਨਤਾ ਲਿਆਉਣ, ਬਲਕਿ ਖੇਤੀ ਪੱਧਰ ‘ਤੇ ਸੂਖਮ ਪੋਸ਼ਕ ਤੱਤਾਂ ਦੇ ਪ੍ਰਬੰਧਨ ‘ਤੇ ਵੀ ਜ਼ੋਰ ਦਿੱਤਾ।ਉਨਾਂ ਦੱਸਿਆ ਕਿ ਤੁਪਕਾ ਸਿੰਚਾਈ ਤਕਨੀਕ ਨਾ ਸਿਰਫ ਜਲ ਸਰੋਤਾਂ ਦੀ ਸੁਚੱਜੀ ਵਰਤੋਂ ਬਲਕਿ ਪੋਸ਼ਟਿਕ ਪ੍ਰਬੰਧਨ ਲਈ ਵੀ ਬਹੁਤ ਲਾਭਦਾਇਕ ਹੈ।ਇਸ ਨਾਲ ਖਾਦਾਂ ਅਤੇ ਹੋਰ ਇੰਨਪੁਟ ਨੂੰ ਸਿੰਚਾਈ ਦੇ ਪਾਣੀ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਫਸਲ ਦੇ ਰੂਟ ਜ਼ੋਨ ਵਿੱਚ ਸਪਲਾਈ ਕੀਤਾ ਜਾ ਸਕਦਾ ਹੈ, ਜਿਥੇ ਇਨ੍ਹਾਂ ਦੀ ਸਭ ਤੋਭ ਵੱਧ ਲੋੜ ਹੁੰਦੀ ਹੈ।ਪੰਜਾਬ ਸਰਕਾਰ ਵਲੋਂ ਗੰਨੇ ਦੇ ਸਮੱਰਥਨ ਮੁੱਲ ਵਿਚ 310 ਰੁਪਏ ਤੋਂ 360 ਰੁਪਏ ਪ੍ਰਤੀ ਕੁਵਿੰਟਲ ਦੇ ਵਾਧੇ ਦੇ ਹਾਲੀਆ ਇਤਿਹਾਸਿਕ ਫੈਸਲੇ ਨੂੰ ਯਾਦ ਕਰਦਿਆ ਉਨਾਂ ਨੇ ਰਾਜ ਵਿੱਚ ਗੰਨੇ ਦੀ ਫਸਲ ਨੂੰ ਵੱਡੇ ਪੱਧਰ ‘ਤੇ ਅਪਨਾਉਣ ਦਾ ਸੱਦਾ ਦਿੱਤਾ ।
ਸੈਮੀਨਾਰ ਵਿੱਚ ਰਾਜੇਸ਼ ਵਸ਼ਿਸ਼ਟ ਨੇ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਅਤੇ ਜਿਆਦਾ ਸੋਸ਼ਿਤ ਬਲਾਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਖੇਤੀਬਾੜੀ ਖੇਤਰ ਵਿੱਚ ਪਾਣੀ ਸੰਭਾਲ ਅਤੇ ਪ੍ਰਬੰਧਨ ਦੀ ਲੋੜ ਤੇ ਜੋਰ ਦਿੱਤਾ। ਉਨਾ ਦੱਸਿਆ ਕਿ ਜਮੀਨੀ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਨਾ ਸਿਰਫ ਰਾਜ ਦੇ ਵਿੱਤੀ ਸਰੋਤਾਂ ਤੇ ਬੋਝ ਪਾ ਰਹੇ ਹਨ, ਕਿਉਂਕਿ ਖੇਤੀਬਾੜੀ ਖੇਤਰ ਵਿੱਚ ਸਾਲਨਾ ਬਿਜਲੀ ਸਬਸਿਡੀ ਬਿੱਲ ਹੁਣ 6000 ਕਰੋੜ ਰੋਪੁੇ ਤੋਂ ਵੱਧ ਹੋ ਗਿਆ ਹੈ।ਬਲਕਿ ਬੋਰਵੈਲਾਂ ਨੂੰ ਡੂੰਘੇ ਕਰਨ ਤੇ ਵਾਰ ਵਾਰ ਹੋਣ ਵਾਲੇ ਖਰਚਿਆਂ ਕਾਰਨ ਕਿਸਾਨਾਂ ਦੀ ਆਮਦਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।ੳੇੁਨਾਂ ਨੇ ਸੂਖਮ ਸਿੰਜ਼ਾਈ ਤਕਨੀਕ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ, ਜੋ ਊਰਜਾ ਦੀ ਖੱਪਤ ਨੂੰ ਵੀ ਘਟਾਉਂਦਾ ਹੈ।
ਉਨਾਂ ਕਿਹਾ ਕਿ ਖੇਤ ਦੀ ਡੂੰਘੀ ਵਹਾਈ ਕਰਨ ਦੇ ਨਾਲ ਗੰਨੇ ਦੀ ਗਹਿਰੀ ਬਿਜ਼ਾਈ ਕਰੋ ਅਤੇ ਗੰਨੇ ਦੇ ਬੀਜ਼ ਦੇ ਬਰੋਟਿਆਂ ‘ਤੇ ਮਿੱਟੀ ਘੱਟ ਚੜਾਉ। ਟਰੈਂਚ ਪਲਾਂਟਿੰਗ ਗੰਨੇ ਦੀ ਬਿਜ਼ਾਈ ਦੀ ਇੱਕ ਕਾਰਗਰ ਵਿਧੀ।ਇਸ ਵਿਧੀ ‘ਚ ਲਾਈਨ ਤੋਂ ਲਾਈਨ ਦਾ ਫਾਸਲਾ 5 ਫੁੱਟ 4 ਇੰਚ ਰੱਖਿਆ ਜਾਂਦਾ ਹੈ।ਜਿਸ ਕਾਰਨ ਟਰੈਂਚ ਬੈਡ ਉਪਰ ਨਿੱਕੇ ਟਰੈਕਟਰ ਦੀ ਵਰਤੋਂ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਅਤੇ ਗੰਨਾ ਕਟਾਈ ਵਾਸਤੇ ਕੇਨਹਾਰਵੈਸਟਰ ਚਲਾਇਆ ਜਾ ਸਕਦਾ ਹੈ।
ਪੀ.ਏ.ਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਮੁੱਖੀ ਡਾ: ਓਮ ਪ੍ਰਕਾਸ਼ ਚੌਧਰੀ ਨੇ ਖੋਜ਼ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੁੱਖ ਤੌਰ ਤੇ ਪੰਜਾਬ ਵਿੱਚ ਪ੍ਰਚਲਿਤ ਝੋਨੇ-ਕਣਕ ਦੇ ਚੱਕਰ ਕਰਨ ਭੂਮੀ ਵਿੱਚ ਸੈਕੰਡਰੀ ਸੂਖਮ ਪੋਸ਼ਕ ਤੱਤਾਂ ਦੀ ਹੋ ਰਹੀ ਕਮੀ ‘ਤੇ ਚਿੰਤਾ ਪ੍ਰਗਟ ਕੀਤੀ।ਉਹਨਾ ਕਿਸਾਨਾਂ ਨੂੰ ਗੰਨੇ ਅਤੇ ਕਣਕ ਦੀਆਂ ਫ਼ਸਲਾਂ ਤੇ ਲੋਹਾ, ਜਿੰਕ, ਮੈਗਨੀਸ਼ੀਅਮ ਆਦਿ ਸੂਖਮ ਪੋਸ਼ਕ ਤੱਤਾਂ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ।ਕਿਸਾਨ ਗੰਨੇ ਦੀ ਫਸਲ ਲਈ ਫਾਰਮ ਯਾਰਡ ਖਾਦ 20 ਟਨ / ਹੈਕਟੇਅਰ ਪਾ ਸਕਦੇ ਹਨ ਅਤੇ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਦਾ ਪ੍ਰਬੰਧਨ ਮਲਚਿੰਗ ਦੇ ਤੌਰ ਤੇ ਕਣਕ ਦੀ ਫਸਲ ਲਈ ਕਰ ਸਕਦੇ ਹਨ।
ਡਾ: ਰਾਕੇਸ਼ ਸ਼ਾਰਧਾ ਨੇ ਗੰਨੇ ਦੇ ਨਾਲ ਨਾਲ ਚੁਕੰਦਰ ਦੀਆਂ ਫਸਲਾਂ ਦੀ ਕਾਸ਼ਤ ਲਈ ਡਰਿੱਪ ਸਿੰਜ਼ਾਈ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ।ਉਹਨਾ ਕਿਸਾਨਾਂ ਨੂੰ ਦੱਸਿਆ ਕਿ ਡਰਿੱਪ ਸਿੰਜ਼ਾਈ ਕਰਨ ਨਾਲ ਨਾ ਸਿਰਫ 40 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ, ਬਲਕਿ 20 ਫ਼ੀਸਦੀ ਖਾਦ ਵੀ ਬਚਦੀ ਹੈ।ਇਸ ਸਿੰਜਾਈ ਤਕਨੀਕ ਨਾਲ ਫਸਲ ਵਿੱਚ ਚੀਨੀ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੁੰਦਾ ਹੈ ਅਤੇ ਖੇਤ ਵਿੱਚ ਘੱਟ ਨਦੀਨ ਹੁੰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਲਗਭਗ 25 ਪ੍ਰਤੀਸ਼ਤ ਵੱਧ ਝਾੜ ਪ੍ਰਾਪਤ ਹੁੰਦਾ ਹੈ।
ਡਾ: ਰਾਹੁਲ ਮੀਰਚੰਦਾਨੀ ਨੇ ਸੂਖਮ ਪੋਸ਼ਕ ਤੱਤਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਹਨਾ ਨੇ ਆਪਣੀ ਕੰਪਨੀ ਦੇ ਉਤਪਾਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਖਾਸ ਕਰਕੇ ਘੁਲਣਸ਼ੀਲ ਮਾਈਕਰੋ ਅਤੇ ਮੈਕਰੋ ਪੋਸ਼ਕ ਤੱਤ, ਗੰਨਾ ਅਤੇ ਚੁਕੰਦਰ ਲਈ ਪੌਦਿਆਂ ਦੀ ਸੁਰੱਖਿਆ ਦੇ ਉਪਾਅ ਸਾਂਝੇ ਕੀਤੇ।
ਅਮਰੀਕ ਸਿੰਘ ਬੁੱਟਰ ਨੇ ਦੱਸਿਆ ਕਿ ਰਾਣਾ ਸ਼ੂਗਰ ਲਿਮ ਪਿਛਲੇ 3 ਦਹਾਕਿਆਂ ਤੋਂ ਕਿਸਾਨਾਂ ਦੀ ਸੇਵਾ ਕਰ ਰਹੀ ਹੈ।ਕੰਪਨੀ ਨੇ 40,000 ਏਕੜ ਰਕਬੇ ‘ਤੇ ਉਗਾਏ ਗਏ ਗੰਨੇ ਅਤੇ 10,000 ਏਕੜ ਵਿੱਚ ਉਗਾਏ ਗਏ ਚੁਕੰਦਰ ਦੀ ਪ੍ਰੋਸੈਸਿੰਗ ਕਰਕੇ ਰਾਜ ਦੀ ਕਿਸਾਨੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
Punjab Post Daily Online Newspaper & Print Media