ਸ਼ਹਿਰ ਦੇ ਲੋਕਾਂ ਨੂੰ ਢਾਬ ਖਟੀਕਾਂ ਵਿਖੇ ਮਿਲਣਗੀਆਂ ਸਾਰੀਆਂ ਸਿਹਤ ਸਹੂਲਤਾਂ-ਵਿਕਾਸ ਸੋਨੀ
ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ: ਚਰਨਜੀਤ ਸਿੰਘ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਸ਼ਹਿਰ ਦੀ ਚਾਰ ਦੀਵਾਰੀ ਅੰਦਰ ਸਥਿਤ
ਅਰਬਨ ਕਮਿਊਨਟੀ ਹੈਲਥ ਸੈਂਟਰ ਢਾਬ ਖਟੀਕਾਂ ਦਾ ਦੌਰਾ ਕੀਤਾ।ਉਨਾਂ ਦੱਸਿਆ ਕਿ ਇਸ ਹੈਲਥ ਸੈਂਟਰ ਨੂੰ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਉਣ ਦਾ ਉਪਰਾਲਾ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਇਸ ਹਸਪਤਾਲ ਵਿਖੇ ਡੇਂਗੂ ਦੇ ਸਾਰੇ ਟੈਸਟ ਮੁਫ਼ਤ ਹੋਣਗੇ।
ਕੌਸਲਰ ਵਿਕਾਸ ਸੋਨੀ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਜਿੰਨਾ ਕੋਲ ਸਿਹਤ ਵਿਭਾਗ ਵੀ ਹੈ ਦਾ ਮੁੱਖ ਟੀਚਾ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਸਾਰੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਜਾਣ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਚੇ ਨੂੰ ਮਜਬੂਤ ਕਰਨ ਲਈ ਯਤਨਸ਼ੀਲ ਹਨ।ਉਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇਸ ਹਸਪਤਾਲ ਦਾ ਨਰੀਖਣ ਕੀਤਾ ਗਿਆ ਅਤੇ ਹਸਪਤਾਲ ਦੀਆਂ ਜਰੂਰਤਾਂ ਨੂੰ 10 ਦਿਨ ਦੇ ਅੰਦਰ ਅੰਦਰ ਪੂਰਾ ਕਰ ਦਿੱਤਾ ਜਾਵੇਗਾ।ਇਸ ਹਸਪਤਾਲ ਵਿੱਚ ਗਾਇਨੀ, ਬੱਚਿਆਂ ਦੇ ਮਹਿਰ, ਸਰਜਰੀ, ਐਨਸਥੀਸੀਆ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਤਾਇਨਾਤੀ ਵੀ ਕੀਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਇਸ ਹੈਲਥ ਸੈਂਟਰ ਵਿੱਚ 24 ਘੰਟੇ ਡਲਿਵਰੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਅਤੇ ਲੈਬ ਟੈਸਟ, ਆਕਸੀਜਨ ਕੰਨਸਟਰੇਟਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਕੌਂਸਲਰ ਸੋਨੀ ਨੇ ਦੱਸਿਆ ਕਿ ਸ਼ਹਿਰ ਦੀ ਚਾਰ ਦੀਵਾਰੀ ਦੇ ਲੋਕਾਂ ਨੂੰ ਸਾਰੀਆਂ ਸਿਹਤ ਸੇਵਾਵਾਂ ਇਸ ਕੇਂਦਰ ਵਿਖੇ ਉਪਲਬੱਧ ਹੋਣਗੀਆਂ ਅਤੇ ਸ਼ਹਿਰ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਖੇ ਜਲਦ ਹੀ ਡੇਂਗੂ ਟੈਸਟ ਕੁਲੈਕਸ਼ਨ ਸੈਂਟਰ ਵੀ ਖੋਲਿਆ ਜਾ ਰਿਹਾ ਹੈ, ਜਿਥੇ ਡੇਂਗੂ ਦੇ ਮਰੀਜ਼ਾਂ ਦੇ ਸਾਰੇ ਟੈਸਟ ਮੁਫ਼ਤ ਵਿੱਚ ਕੀਤੇ ਜਾਣਗੇ।ਇਸ ਹਸਪਤਾਲ ਵਿਖੇ ਇਕ ਨਵੀਂ ਐਕਸਰਾ ਮਸ਼ੀਨ ਵੀ ਲਗਾਈ ਜਾ ਰਹੀ ਹੈ।ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਅਰਬਨ ਕਮਿਊਨਟੀ ਹੈਲਥ ਸੈਂਟਰ ਢਾਬ ਖਟੀਕਾ ਇਕ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣ ਜਾਵੇਗਾ।
ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ, ਸਹਾਇਕ ਸਿਵਲ ਸਰਜਨ ਡਾ: ਅਮਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ, ਡਾ: ਕਰਨ ਮਹਿਰਾ, ਡਾ: ਅਨੁਪਮਾ, ਡਾ: ਗੁਰਬਚਨ ਸਿੰਘ, ਨਿਤਿਨ ਕਪੂਰ, ਰਵੀਕਾਂਤ ਅਤੇ ਹੋਰ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media