ਸੈਕਟਰੀ ਮੰਡੀ ਬੋਰਡ ਵੱਲੋਂ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ
ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹੇ ਵਿਚ ਚੱਲ ਰਹੀ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਸੈਕਟਰੀ ਮੰਡੀ ਬੋਰਡ ਰਵੀ
ਭਗਤ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਇਸ ਵਾਰ ਸਾਡਾ ਟੀਚਾ 170 ਲੱਖ ਮੀਟਿਰਕ ਟਨ ਝੋਨੇ ਦੀ ਖਰੀਦ ਦਾ ਹੈ।ਉਨਾਂ ਕਿਹਾ ਕਿ ਫਿਲਹਾਲ 3.52 ਲੱਖ ਮੀਟਿਰਕ ਟਨ ਝੋਨਾ ਹੀ ਮੰਡੀਆਂ ਵਿੱਚ ਆਇਆ ਹੈ ਅਤੇ ਵੱਡੀ ਮਾਤਰਾ ਅਜੇ ਆਉਣੀ ਬਾਕੀ ਹੈ।ਸਾਡੀ ਖਰੀਦ ਨਵੰਬਰ ਦੇ ਅੰਤ ਤੱਕ ਚੱਲੇਗੀ, ਸੋ ਕਿਸੇ ਵੀ ਤਰਾਂ ਦੀ ਕਾਹਲੀ ਵਾਲੀ ਕੋਈ ਗੱਲ ਨਹੀਂ ਹੈ ਅਤੇ ਕਿਸਾਨ ਆਪਣਾ ਝੋਨਾ ਸੁੱਕਾ ਕੇ ਮੰਡੀਆਂ ਵਿਚ ਲਿਆਉਣ। ਅੱਜ ਜਿਲ੍ਹੇ ਦੀਆਂ ਮੰਡੀਆਂ ਜੰਡਿਆਲਾ ਗੁਰੂ ਅਤੇ ਭਗਤਾਂਵਾਲਾ ਵਿਖੇ ਕੀਤੇ ਦੌਰੇ ਦੌਰਾਨ ਉਨਾਂ ਨੇ ਮੰਡੀ ਵਿਚ ਆਏ ਝੋਨੇ ਦੀ ਖਰੀਦ ਅਤੇ ਚੁੱਕਾਈ ਬਾਬਤ ਆੜਤੀਆਂ, ਮੰਡੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਮੈਨੇਜਰਾਂ ਨਾਲ ਗੱਲਬਾਤ ਕੀਤੀ।ਉਨਾਂ ਹਾਜ਼ਰ ਕਿਸਾਨਾਂ ਕੋਲੋਂ ਵੀ ਮੰਡੀ ਬਾਰੇ ਰੈਅ ਲਈ, ਪਰ ਸਾਰੇ ਕਿਸਾਨਾਂ ਨੇ ਖਰੀਦ ਉਤੇ ਤਸੱਲੀ ਪ੍ਰਗਟਾਈ।ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਉਪਜ ਦਾ ਇਕ-ਇਕ ਦਾਣਾ ਖਰੀਦ ਕਰੇਗੀ, ਪਰ ਇਸ ਲਈ ਜ਼ਰੂਰੀ ਹੈ ਕਿ ਨਿਰਧਾਰਤ ਨਮੀ ਤੋਂ ਵੱਧ ਗਿੱਲਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ।ਉਨਾਂ ਕਿਹਾ ਕਿ ਸਾਡੇ ਕੋਲ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ, ਮੰਡੀ ਵਿਚੋਂ ਝੋਨਾ ਸ਼ੈਲਰਾਂ ਤੱਕ ਭੇਜਣ ਲਈ ਟੈਂਡਰ ਹੋ ਚੁੱਕੇ ਹਨ ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਹਰਗਿਜ਼ ਨਾ ਲਗਾਉਣ, ਸਗੋਂ ਇਸ ਨੂੰ ਖੇਤ ਵਿਚ ਵਾਹੁਣ ਦੇ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਵਾਸਤੇ ਸਹਿਕਾਰੀ ਸੁਸਾਇਟੀਆਂ, ਕਿਸਾਨ ਗਰੁੱਪਾਂ ਤੇ ਨਿੱਜੀ ਤੌਰ ਉਤੇ ਵੀ ਕਿਸਾਨਾਂ ਨੂੰ ਵਧੀਆ ਖੇਤੀ ਮਸ਼ੀਨਰੀ ਸਬਸਿਡੀ ਉਤੇ ਦਿੱਤੀ ਹੈ, ਸੋ ਇਸ ਦੀ ਵਰਤੋਂ ਕਰੋ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਇਆ ਜਾਵੇ।
ਇਸ ਮੌਕੇ ਮੰਡੀ ਬੋਰਡ ਦੇ ਜਨਰਲ ਮੈਨੇਜਰ ਸੁਖਬੀਰ ਸਿੰਘ ਸੋਢੀ, ਜਿਲ੍ਹਾ ਮੰਡੀ ਅਧਿਕਾਰੀ ਅਮਨਪ੍ਰੀਤ ਸਿੰਘ, ਜਿਲ੍ਹਾ ਖੁਰਾਕ ਸਪਲਾਈ ਕੰਟਰੋਲ ਰਾਜ ਰਿਸ਼ੀ, ਮਾਰਕਫੈਡ ਦੇ ਡੀ.ਐਮ ਗੁਰਪ੍ਰੀਤ ਸਿੰਘ ਅਤੇ ਹੋਰ ਖਰੀਦ ਏਜੰਸੀਆਂ ਦੇ ਮੈਨੇਜ਼ਰ ਵੀ ਹਾਜ਼ਰ ਸਨ।
Punjab Post Daily Online Newspaper & Print Media