ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਤੇ
ਕਵੀਸ਼ਰੀ ਜਥਿਆਂ ਦੇ 26 ਸਹਾਇਕ ਸਾਥੀਆਂ ਨੂੰ ਨਿਯੁੱਕਤੀ ਪੱਤਰ ਦੇ ਕੇ ਸਿੱਖ ਧਰਮ ਦੀਆਂ ਪ੍ਰਚਾਰ ਸੇਵਾਵਾਂ ਲਈ ਰਵਾਨਾ ਕੀਤਾ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹੜੇ ਜਥਿਆਂ ਦੇ ਮੈਂਬਰ ਬੀਤੇ ਸਮੇਂ ਵਿੱਚ ਸੇਵਾਮੁਕਤ ਹੋ ਚੁੱਕੇ ਸਨ, ਉਨ੍ਹਾਂ ਦੀ ਥਾਂ ਸਹਾਇਕ ਢਾਡੀ ਤੇ ਕਵੀਸ਼ਰ ਰੱਖੇ ਗਏ ਹਨ।ਉਨਾਂ ਕਿਹਾ ਕਿ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਨੂੰ ਪ੍ਰਚਾਰਨ ਲਈ ਅਹਿਮ ਕੜੀ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਵਿਚ ਇਨ੍ਹਾਂ ਦਾ ਖਾਸ ਯੋਗਦਾਨ ਹੈ।ਉਨ੍ਹਾਂ ਦੱਸਿਆ ਕਿ ‘ਘਰਿ ਘਰਿ ਅੰਦਰਿ ਧਰਮਸਾਲ’ ਤਹਿਤ 150 ਪ੍ਰਚਾਰਕ ਜਥੇ ਪਿੰਡਾਂ ਵਿੱਚ ਕਾਰਜਸ਼ੀਲ ਹਨ।ਹਰ ਜਥਾ ਇੱਕ ਪਿੰਡ ਵਿੱਚ ਇੱਕ ਹਫ਼ਤਾ ਸਿੱਖੀ ਦਾ ਪ੍ਰਚਾਰ ਕਰਦਾ ਹੈ।ਇਸ ਦੌਰਾਨ ਘਰਾਂ ਅੰਦਰ ਸੰਗਤਾਂ ਨੂੰ ਸੰਵਾਦ ਵਿਧੀ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਕੂਲਾਂ ਕਾਲਜ਼ਾਂ ਵਿੱਚ ਵੀ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਖ਼ਾਸ ਤੌਰ ’ਤੇ ਗੁਰਬਾਣੀ ਕੰਠ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਧਰਮ ਪ੍ਰਚਾਰ ਲਹਿਰ ਦੇ ਕਾਰਜਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤਕ ਪੰਜ ਹਜ਼ਾਰ ਤੋਂ ਵੱਧ ਬੱਚੇ ਜਪੁਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਕਰ ਚੁੱਕੇ ਹਨ।ਜਲਦ ਹੀ ਮਾਝਾ, ਮਾਲਵਾ ਤੇ ਦੁਆਬਾ ਜੋਨਾਂ ਵਿਚ ਇੱਕ-ਇੱਕ ਮੁੱਖ ਸਮਾਗਮ ਕਰਕੇ ਗੁਰਬਾਣੀ ਕੰਠ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ ਕੰਗ, ਤੇਜਿੰਦਰ ਸਿੰਘ ਪੱਡਾ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ, ਕਰਤਾਰ ਸਿੰਘ ਇੰਚਾਰਜ਼ ਆਦਿ ਮੌਜੂਦ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media