ਨਵਾਂਸ਼ਹਿਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੱਲ ਸਵੇਰੇ ਕਰੀਬ 7 ਵਜੇ ਰਾਹੋਂ-ਬਹਿਲੂਰ ਕਲਾਂ ਰੋਡ ਤੋਂ ਇੱਕ ਜਿੰਮੀਦਾਰ ਦੀ ਜ਼ਮੀਨ ਵਿੱਚ ਮੋਟਰ ‘ਤੇ
ਵੱਸਦੇ ਇੱਕ ਅੰਤਰਰਾਜੀ ਮਜ਼ਦੂਰ ਪਰਿਵਾਰ ਨਾਲ ਇੱਕ ਬਹੁਤ ਵੱਡੀ ਅਣਹੋਣੀ ਘਟਨਾ ਵਾਪਰੀ।ਇਸ ਜ਼ਮੀਨ ਵਿੱਚ ਡੂੰਘੀ ਖੂਹੀ ਵਿੱਚ ਲੱਗੀ ਪਾਣੀ ਵਾਲੀ ਮੋਟਰ, ਹਵਾ ਭਰ ਜਾਣ ਕਾਰਨ ਨਹੀਂ ਚੱਲ ਰਹੀ ਸੀ।ਇਥੇ ਆਪਣੇ 4 ਬੱਚਿਆਂ, ਪਤਨੀ ਅਤੇ ਮਾਤਾ ਪਿਤਾ ਨਾਲ ਵੱਸਦਾ ਮਜ਼ਦੂਰ ਮਧੂ ਕੁਮਾਰ ਮੋਟਰ ਚਲਾਉਣ ਲਈ ਉਸ ਵਿੱਚ ਭਰੀ ਹਵਾ ਕੱਢਣ ਵਾਸਤੇ ਖੂਹੀ ਵਿੱਚ ਉਤਰ ਗਿਆ।ਪਰ ਉਹ ਵਾਪਸ ਨਹੀਂ ਆਇਆ।ਇਸ ਨੂੰ ਦੇਖ ਕੇ ਘਬਰਾਈ ਹੋਈ ਉਸ ਦੀ ਪਤਨੀ ਮਾਲਤੀ ਦੇਵੀ ਵੀ ਖੂਹੀ ਵਿੱਚ ਜਲਦੀ ਹੀ ਉਤਰ ਗਈ।ਪਰ ਉਹ ਨਹੀ ਜਾਣਦੀ ਸੀ ਕਿ ਖੂਹੀ ਵਿਚਲੀ ਜ਼ਹਿਰੀਲੀ ਗੈਸ ਨੇ ਉਸ ਦੇ ਪਤੀ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਅਤੇ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ।ਇਸ ਪਰਿਵਾਰ ‘ਤੇ ਹਨ੍ਹੇਰ ਢਹਿ ਗਿਆ ਅਤੇ ਦੋਨਾਂ ਪਤੀ ਪਤਨੀ ਦੀ ਮੌਤ ਹੋ ਗਈ।ਬੁੱਢੇ ਮਾਂ ਬਾਪ ਅਤੇ 4 ਨਾਬਾਲਿਗ ਬੱਚਿਆਂ ਦਾ ਕੋਈ ਸਹਾਰਾ ਬਾਕੀ ਨਾ ਬਚਿਆ।
ਇਹ ਹਾਦਸਾ ਖੇਤੀਬਾੜੀ ਨਾਲ ਸਬੰਧਿਤ ਸੀ ਅਤੇ ਇਸ ਤਰ੍ਹਾਂ ਦੇ ਹਾਦਸਿਆਂ ਲਈ ਮਾਰਕੀਟ ਕਮੇਟੀਆਂ ਵਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਪੀੜ੍ਹਤ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੇ ਜਾਣ ਲਈ ਸਬੰਧਿਤ ਕਾਰਵਾਈ ਲਈ ਹਾਦਸੇ ਦੀ ਮਿਤੀ ਤੋਂ 1 ਸਾਲ ਦੇ ਅੰਦਰ ਅੰਦਰ ਅਰਜ਼ੀ ਤੇ ਲੋੜੀਂਦੇ ਦਸਤਾਵਜ਼ ਜਮ੍ਹਾਂ ਹੋਣੇ ਜਰੂਰੀ ਹੁੰਦੇ ਹਨ।ਪਰ ਜ਼ਮੀਨ ਨਾਲ ਸਬੰਧਿਤ ਜਿੰਮੀਦਾਰ ਵਲੋਂ ਇਸ ਹਾਦਸੇ ਸਬੰਧੀ ਤਸਦੀਕ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਅਤੇ ਇਹ ਪੀੜ੍ਹਤ ਪਰਿਵਾਰ ਨਿਹੱਥਾ ਹੋ ਕੇ ਬਹਿ ਗਿਆ।
ਆਖਿਰ ਇਸ ਪੀੜ੍ਹਤ ਪਰਿਵਾਰ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਨੂੰਨੀ ਸੇਵਾ ਕੇਂਦਰ ਪਿੰਡ ਕੋਟ ਰਾਂਝਾ ਦੇ ਲੀਗਲ ਏਡ ਕਲੀਨੀਕ ਵਿੱਚ ਪਹੁੰਚ ਕੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਨੂੰ ਆਪਣੀ ਵਿੱਥਿਆ ਸੁਣਾਈ।ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੀ ਰਹਿਨੁਮਾਈ ਅਤੇ ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਵਲੋਂ ਪੂਰੀ ਮਿਹਨਤ ਕਰਕੇ ਅਗਲੇਰੀ ਸਮੁੱਚੀ ਪ੍ਰਕਿਰਿਆ ਪੂਰੀ ਕਰਵਾਈ ਗਈ ਅਤੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ।ਇਸ ਦੇ ਫਲਸਰੂਪ ਮਾਰਕੀਟ ਕਮੇਟੀ ਨਵਾਂਸ਼ਹਿਰ ਵਲੋਂ ਇਸ ਪਰਿਵਾਰ ਬਜ਼ੂਰਗ ਦੇ ਬੈਂਕ ਖਾਤੇ ਵਿੱਚ 80000/- ਰੁਪਏ ਟਰਾਂਸਫਰ ਕੀਤੇ ਗਏ ਜਦਕਿ 4 ਨਾਬਾਲਗ ਬੱਚਿਆਂ ਲਈ 80-80 ਹਜ਼ਾਰ ਰੁਪਏ ਦੇ ਫਿਕਸ ਡਿਪੋਜ਼ਿਟ ਸਰਟੀਫਿਕੇਟ ਤਿਆਰ ਕਰਵਾਏ ਗਏ।ਇਸ ਤਰਾਂ ਇਸ ਹਾਦਸੇ ਦੇ ਸ਼ਿਕਾਰ ਪੀੜਤ ਪਰਿਵਾਰ ਲਈ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤੇ ਉਦਮਾਂ ਕਾਰਨ ਮਿਲੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media