Thursday, April 23, 2026

ਹੁਣ ਜੀ.ਟੀ ਰੋਡ ‘ਤੇ ਨਹੀਂ ਲੱਗਣੀਆਂ ਰੇਤ ਤੇ ਬੱਜ਼ਰੀ ਦੀਆਂ ਟਰਾਲੀਆਂ -ਡਿਪਟੀ ਕਮਿਸ਼ਨਰ

ਵੱਖ-ਵੱਖ ਵਿਭਾਗਾਂ ਨੂੰ ਦਿੱਤੀ ਜ਼ਿਮੇਵਾਰੀ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤੇ ਵਿਚ ਖੜਦੀਆਂ ਰੇਤ ਤੇ ਬੱਜ਼ਰੀ ਦੀਆਂ ਟਰਾਲੀਆਂ, ਜੋ ਕਿ ਜੀ.ਟੀ ਰੋਡ ‘ਤੇ ਜ਼ਾਮ ਦਾ ਕਾਰਨ ਬਣਦੀਆਂ ਹਨ।ਉਨਾਂ ਨੂੰ ਹਟਾਉਣ ਦੇ ਨਿਰਦੇਸ਼ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਦੇ ਦਿੱਤੇ ਹਨ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਜੋ ਕਿ ਪਹਿਲਾਂ ਇਕ-ਦੋ ਵਾਰ ਜਾ ਕੇ ਸਾਰਾ ਮੌਕੇ ਵੇਖ ਚੁੱਕੇ ਹਨ, ਨੇ ਇਸ ਬਾਬਤ ਟਰਾਲੀ ਮਾਲਕਾਂ ਨੂੰ ਕਿਸੇ ਹੋਰ ਥਾਂ ਤਬਦੀਲ ਹੋਣ ਦੀ ਅਪੀਲ ਵੀ ਕੀਤੀ ਸੀ।ਉਨਾਂ ਨੇ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਜਲੰਧਰ-ਅੰਮ੍ਰਿਤਸਰ ਜੀ.ਟੀ ਰੋਡ ਨੂੰ ਹਰ ਤਰਾਂ ਦੀਆਂ ਰੁਕਾਵਟਾਂ ਤੋਂ ਮੁਞੱਕਤ ਕਰਨਾ ਜ਼ਰੂਰੀ ਹੈ।ਖਹਿਰਾ ਨੇ ਟਰੈਫਿਕ ਪੁਲਿਸ ਅੰਮ੍ਰਿਤਸਰ, ਕਾਰਪੋਰੇਸ਼ਨ, ਮਾਇਨਿੰਗ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਹਰੇਕ ਵਿਭਾਗ ਇਸ ਮੁੱਦੇ ‘ਤੇ ਆਪਣੀ ਕਾਰਵਾਈ ਕਰੇ।ਉਨਾਂ ਟਰੱਸਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਟਰਾਲੀਆਂ ਲੱਗਣ ਵਾਲੇ ਜ਼ਿਆਦਾਤਰ ਸਥਾਨ ਨਗਰ ਸੁਧਾਰ ਟਰੱਸਟ ਦੀ ਜਾਇਦਾਦ ਹਨ ਅਤੇ ਉਹ ਇਨਾਂ ਸਥਾਨਾਂ ਨੂੰ ਆਪਣੇ ਕੰਟਰੋਲ ਹੇਠ ਲੈਣ।ਇਸ ਤੋਂ ਇਲਾਵਾ ਟਰੈਫਿਕ ਪੁਲਿਸ ਹਰ ਤਰਾਂ ਦੀ ਰੁਕਾਵਟ ਉਤੇ ਬਣਦੀ ਕਾਰਵਾਈ ਕਰੇ ਅਤੇ ਮਾਈਨਿੰਗ ਵਿਭਾਗ ਇਹ ਵੇਖੇ ਕਿ ਸ਼ਹਿਰ ਵਿਚ ਵਿਕਣ ਆ ਰਿਹਾ ਰੇਤਾ, ਬੱਜ਼ਰੀ ਸਰਕਾਰੀ ਨਿਯਮਾਂ ਅਨੁਸਾਰ ਹੈ ਜਾਂ ਨਹੀਂ।ਉਨਾਂ ਕਾਰਪੋਰੇਸ਼ਨ ਨੂੰ ਗੋਲਡਨ ਗੇਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਦੇ ਸਾਰੇ ਰਸਤੇ ਦੀ ਸੁੰਦਰਤਾ ਤੇ ਸਾਫ-ਸਫਾਈ ‘ਤੇ ਜ਼ੋਰ ਦੇਣ ਦੀ ਹਦਾਇਤ ਕਰਦੇ ਕਿਹਾ ਕਿ ਜਲੰਧਰ ਤੋਂ ਆਉਣ ਵਾਲੇ ਲੋਕਾਂ ਲਈ ਇਹ ਤੁਹਾਡਾ ਮੁੱਖ ਪ੍ਰਵੇਸ਼ ਦੁਆਰ ਹੈ ਅਤੇ ਇਸ ਦੀ ਸੁੰਦਰਤਾ ਵਿਚ ਰਤੀ ਭਰ ਵੀ ਕੁਤਾਹੀ ਨਾ ਕੀਤੀ ਜਾਵੇ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …