Sunday, March 29, 2026

ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਵੇਗਾ ਮੁਆਵਜ਼ਾ – ਸੋਨੀ

ਪਿੰਡ ਮੁਲ੍ਹੇਚੱਕ ਦੀ ਪੰਚਾਇਤ ਨੂੰ ਵਿਕਾਸ ਕਾਰਜ਼ਾਂ ਲਈ ਦਿੱਤਾ 10 ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸਦਾ ਯੋਗ ਮੁਆਵਜ਼ਾ ਦੇਵੇਗੀ।ਇਥੇ ਇਕ ਸਮਾਗਮ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੋਨੀ ਨੇ ਕਿਹਾ ਕਿ ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਸਰਹੱਦ ਨਾਲ ਲੱਗਦੇ ਕਈ ਜਿਲ੍ਹਿਆਂ ਵਿੱਚ ਗੜ੍ਹਿਆਂ ਦੇ ਨਾਲ ਮੀਂਹ ਪੈਣ ਕਰਕੇ ਕਿਸਾਨਾਂ ਦੀਆਂ ਫਸਲਾਂ ‘ਤੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ ਸੀ।ਖੇਤਾਂ ਵਿੱਚ ਪਾਣੀ ਭਰ ਗਿਆ ਤੇ ਕਈ ਥਾਵਾਂ ‘ਤੇ ਖੜ੍ਹੀਆਂ ਫਸਲਾਂ ਡਿੱਗ ਪਈਆਂ ਸਨ।
                  ਉਨ੍ਹਾਂ ਕਿਹਾ ਕਿ ਮਾਝੇ ਵਿੱਚ ਝੋਨੇ ਦੇ ਨਾਲ-ਨਾਲ ਬਾਸਮਤੀ ਦੀ ਫਸਲ ਵੀ ਮੀਂਹ ਨੇ ਖਰਾਬ ਕਰ ਦਿੱਤੀ।ਫਸਲਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਜੋ ਵੀ ਰਿਪੋਰਟ ਮਿਲੀ ਉਸ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।
                      ਇਸੇ ਦੌਰਾਨ ਸੋਨੀ ਨੇ ਪਿੰਡ ਮੁਲ੍ਹੇਚੱਕ ਦੀ ਪੰਚਾਇਤ ਨੂੰ 10 ਲੱਖ ਰੁਪਏ ਦਾ ਚੈਕ ਵਿਕਾਸ ਕਾਰਜ਼ਾਂ ਲਈ ਭੇਟ ਕੀਤਾ ਅਤੇ 10 ਲੱਖ ਰੁਪਏ ਹੋਰ ਦੇਣ ਦਾ ਐਲਾਨ ਵੀ ਕੀਤਾ।ਉਨਾਂ ਕਿਹਾ ਕਿ ਜਲਦੀ ਹੀ ਪਿੰਡ ਮੁਲ੍ਹੇਚੱਕ ਵਿੱਚ ਇਕ ਸਰਕਾਰੀ ਡਿਸਪੈਂਸਰੀ ਬਣਾਈ ਜਾਵੇਗੀ ਅਤੇ ਇਸ ਦੇ ਸਕੂਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।ਉਨਾਂ ਕਿਹਾ ਕਿ ਲੋੜਵੰਦਾਂ ਦੀ ਪੈਨਸ਼ਨ 750 ਰੁਪਏ ਤੋਂ ਵੱਧਾ ਕੇ 1500 ਰੁਪਏ ਅਤੇ ਸ਼ਗਨ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਹੈ।ਸਰਕਾਰ ਨੇ ਸਾਰੇ ਵਰਗਾਂ ਦੇ 2 ਕਿਲੋਵਾਟ ਤੱਕ ਲੋਡ ਵਾਲੇ ਲੋਕਾਂ ਦੇ ਬਿੱਲ ਮਾਫ਼ ਕਰ ਦਿੱਤੇ ਹਨ ਅਤੇ ਜਿਨਾਂ ਦੇ ਕੁਨੈਕਸ਼ਨ ਕੱਟੇ ਗਏ ਸਨ। ਉਨਾਂ ਨੂੰ ਵੀ ਸਰਕਾਰ ਵਲੋਂ ਆਪਣੇ ਖਰਚੇ ‘ਤੇ ਲਗਾਇਆ ਜਾ ਰਿਹਾ ਹੈ।ਪਿੰਡ ਦੀ ਪੰਚਾਇਤ ਵਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
                   ਇਸ ਤੋਂ ਪਹਿਲਾਂ ਸੋਨੀ ਰਿਆਲਟੋ ਚੌਂਕ ਵਿਖੇ ਸਥਿਤ ਚਰਚ ਵਿਚ ਪਹੁੰਚੇ, ਜਿਥੇ ਉਨਾਂ ਨੇ ਸਰਬਤ ਤੇ ਭਲੇ ਲਈ ਪ੍ਰਾਰਥਨਾ ਕੀਤੀ ਅਤੇ ਚਰਚ ਨੂੰ 2.50 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।ਸੋਨੀ ਨੇ ਕਿਹਾ ਕਿ ਇਹਨਾਂ ਵਲੋਂ ਬਾਰਡਰ ਏਰੀਏ ਵਿੱਚ ਸਕੂਲ ਖੋਲ੍ਹ ਕੇ ਲੋਕਾਂ ਨੂੰ ਬਹੁਤ ਹੀ ਘੱਟ ਰੇਟ ਤੇ ਗੁਣਵਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਇਸ ਚਰਚ ਵਿੱਚ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਆਏ ਹਨ।ਚਰਚ ਦੇ ਬਿਸ਼ਪ ਪ੍ਰਦੀਮ ਕੁਮਾਰ ਸਮੰਤਾ ਨੇ ਸੋਨੀ ਨੂੰ ਲੰਮੀ ਉਮਰ ਪ੍ਰਦਾਨ ਕਰਨ ਲਈ ਪ੍ਰਾਰਥਨਾ ਕੀਤੀ ਤਾਂ ਜੋ ਉਹ ਲੋਕਾਂ ਦੀ ਸੇਵਾ ਕਰ ਸਕਣ।ਚਰਚ ਵਲੋਂ ਸੋਨੀ ਨੂੰ ਸਨਮਾਨਿਤ ਕੀਤਾ ਗਿਆ।
                         ਸੋਨੀ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਰਕੇ ਇਸ ਵਾਰ ਡੇਂਗੂ ਦੇ ਕੇਸਾਂ ਵਿੱਚ ਇਜ਼ਾਫਾ ਹੋ ਰਿਹਾ ਹੈ।ਪਰ ਕੋਰੋਨਾ ਦੀ ਲੜ੍ਹਾਈ ਵਾਂਗ ਹੀ ਅਸੀਂ ਡੇਂਗੂ ਨੂੰ ਵੀ ਹਰਾਵਾਂਗੇ।
                              ਇਸ ਮੌਕੇ ਐਸ.ਡੀ.ਐਮ ਦੀਪਕ ਭਾਟੀਆ, ਕੌਂਸਲਰ ਵਿਕਾਸ ਸੋਨੀ, ਘੱਟਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ, ਡੈਨੀਅਲ ਬੀ.ਦਾਸ, ਟੋਨੀ ਪ੍ਰਧਾਨ, ਪਰਮਜੀਤ ਸਿੰਘ ਚੋਪੜਾ, ਵਿੱਕੀ ਦੱਤਾ, ਐਸ.ਪੀ ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …