ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ‘ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿੰਮ ਬਾਰੇ ਕੀਤਾ ਜਾਗਰੂਕ
ਨਵਾਂਸ਼ਹਿਰ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.
ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ “ਬੇਟੀ ਬਚਾਓ ਬੇਟੀ ਪੜ੍ਹਾਓ” ਪ੍ਰੋਗਰਾਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਮੁੱਢਲਾ ਸਿਹਤ ਕੇਂਦਰ ਮੁਜੱਫਰਪੁਰ ਦੇ ਐਸ.ਐਮ.ਓ ਡਾ. ਗੀਤਾਂਜਲੀ ਸਿੰਘ ਨੇ ਸਮਾਜ ਵਿਚ ਲੜਕੀਆਂ ਦੇ ਸਨਮਾਨ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰ ਮਾਤਾ-ਪਿਤਾ ਨੂੰ ਆਪਣੀਆਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਹੀ ਪਿਆਰ ਅਤੇ ਸਨਮਾਨ ਦੇਣਾ ਚਾਹੀਦਾ ਹੈ।ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਸਿੱਖਿਅਤ ਜ਼ਰੂਰ ਕਰਨਾ ਚਾਹੀਦਾ ਹੈ।ਜਿਸ ਨਾਲ ਨਾ ਸਿਰਫ ਉਹ ਆਪਣੇ ਭਵਿੱਖ ਨੂੰ ਸੰਵਾਰ ਸਕੇ, ਸਗੋਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਵਿੱਚ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਸ ਦਾ ਹੱਥ ਵੰਡਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਲੜਕਾ ਇਕ ਖਾਨਦਾਨ ਦਾ ਨਾਮ ਰੋਸ਼ਨ ਕਰਦਾ ਹੈ ਤਾਂ ਲੜਕੀਆਂ ਦੋ ਖਾਨਦਾਨਾਂ ਦਾ ਨਾਮ ਰੋਸ਼ਨ ਕਰਦੀਆਂ ਹਨ, ਕਿਉਂਕਿ ਇਕ ਲੜਕੀ ਆਪਣੇ ਪਹਿਲਾਂ ਆਪਣੇ ਮਾਇਕੇ ਪਰਿਵਾਰ ਦਾ ਅਤੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਧੀਆਂ ਨੂੰ ਵਿਆਹ ਵੇਲੇ ਦਾਜ ਦਾ ਸਮਾਨ ਦੇਣ ਦੀ ਚਿੰਤਾ ਕਰਨ ਨਾਲੋਂ ਉਨ੍ਹਾਂ ਦੀ ਚੰਗੀ ਪੜ੍ਹਾਈ ਕਰਵਾ ਕੇ ਕਿੱਤਾਮੁਖੀ ਰੁਜ਼ਗਾਰ ਦੇ ਕਾਬਲ ਬਣਾਉਣਾ ਚਾਹੀਦਾ ਹੈ।ਉਨ੍ਹਾਂ ਇਸ ਗੱਲ ‘ਤੇ ਅਫ਼ਸੋਸ ਪ੍ਰਗਟ ਕੀਤਾ ਕਿ ਲੜਕੀਆਂ ਨਾਲ ਸਾਡੇ ਸਮਾਜ ਵਿੱਚ ਲਿੰਗ-ਅਧਾਰਿਤ ਵਿਤਕਰਾ ਹਰ ਪੱਧਰ `ਤੇ ਹੋ ਰਿਹਾ ਹੈ।ਸਿੱਖਿਆ ਔਰਤਾਂ ਦੇ ਸ਼ਕਤੀਕਰਨ ਦਾ ਬਹੁਤ ਹੀ ਕਾਰਗਰ ਹਥਿਆਰ ਹੈ।ਸਮਾਜ ਵਿੱਚ ਲੜਕੀਆਂ ਵਿਰੁੱਧ ਹੋ ਰਹੇ ਨਿਰੰਤਰ ਘਿਨਾਉਣੇ ਜਿਸਮਾਨੀ ਅਤੇ ਮਾਨਸਿਕ ਅਪਰਾਧ ਅਤੇ ਘਰੇਲੂ ਹਿੰਸਾ ਚਿੰਤਾ ਦੇ ਵਿਸ਼ੇ ਹਨ।ਪੰਜਾਬ ਸਰਕਾਰ ਨੇ “ਬੇਟੀ ਬਚਾਓ – ਬੇਟੀ ਪੜ੍ਹਾਓ“ ਪ੍ਰੋਗਰਾਮ ਸ਼ੁੁਰੂ ਕਰਕੇ ਇਸ ਮਹੱਤਵਪੂਰਨ ਪਹਿਲ ਵੱਲ ਸਮਾਜ ਦਾ ਧਿਆਨ ਖਿੱਚਿਆ ਹੈ ਅਤੇ ਔਰਤਾਂ ਵਿਰੁੱਧ ਹੁੰਦੇ ਇਨ੍ਹਾਂ ਅਪਰਾਧਾਂ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ ਹਨ।
ਇਸ ਮੌਕੇ ਡਾ, ਗੁਰਪਿੰਦਰ ਕੌਰ, ਨਰਸਿੰਗ ਅਫਸਰ ਊਸ਼ਾ ਰਾਣੀ, ਏ.ਐਨ.ਐਮ ਹਰਜਿੰਦਰ ਕੌਰ ਅਤੇ ਕਮਲਜੀਤ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
Punjab Post Daily Online Newspaper & Print Media