Wednesday, September 16, 2026

ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ – ਡੀ.ਸੀ

ਨਵਾਂਸ਼ਹਿਰ, 13 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਭਵਿੱਖ ਵਿਚ ਸਾਨੂੰ ਪੀਣ ਵਾਲੇ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕੇਂਦਰੀ ਗਰਾਊਂਡ ਵਾਟਰ ਬੋਰਡ ਦੇ ਹਾਈਡ੍ਰੋਲੋਜਿਸਟ ਗਿਆਨੇਂਦਰ ਰਾਏ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਸਬੰਧੀ ‘ਐਕਵਾਫਾਇਰ ਮੈਪਿੰਗ ਐਂਡ ਗਰਾਊਂਡ ਵਾਟਰ ਮੈਨੇਜਮੈਂਟ ਪਲਾਨ’ ਦੀ ਅਧਿਕਾਰੀਆਂ ਨੂੰ ਦਿੱਤੀ ਪੇਸ਼ਕਾਰੀ ਮੌਕੇ ਕੀਤਾ।
                 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਬਚਾਉਣ ਲਈ ਜਿਥੇ ਬਰਸਾਤੀ ਪਾਣੀ ਦੀ ਸੰਭਾਲ ਅਤੇ ਸੁਚੱਜੀ ਵਰਤੋਂ ਲਈ ਰੇਨ ਵਾਟਰ ਹਾਰਵੈਸਟਿੰਗ, ਰੂਫ ਟਾਪ ਵਾਟਰ ਹਾਰਵੈਸਟਿੰਗ ਅਤੇ ਰੀਚਾਰਜਿੰਗ ਸਿਸਟਮ ਲਗਾਏ ਜਾ ਰਹੇ ਹਨ, ਉਥੇ ਜ਼ਿਲ੍ਹੇ ਵਿਚਲੇ ਐਸ.ਟੀ.ਪੀ ਦੇ ਪਾਣੀ ਦੀ ਯੋਗ ਵਰਤੋਂ ਯਕੀਨੀ ਬਣਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪਿੰਡਾਂ ਵਿਚ ਥਾਪਰ ਮਾਡਲ ਪੌਂਡ ਅਤੇ ਸੋਕ ਪਿਟਜ਼ ਤਿਆਰ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਦੇ ਛੱਪੜਾਂ ਨੂੰ ਅਪਗ੍ਰੇਡ ਕਰਕੇ ਉਨ੍ਹਾਂ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਲਈ ਕੀਤੀ ਜਾਣੀ ਯਕੀਨੀ ਬਣਾਈ ਜਾ ਰਹੀ ਹੈ।ਜ਼ਿਲ੍ਹੇ ਵਿਚ ਪਲਾਂਟੇਸ਼ਨ ਨਾਲ ਗਰੀਨ ਬੈਲਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਇਸੇ ਤਰ੍ਹਾਂ ਖੇਤੀਬਾੜੀ ਵਿਚ ਪਾਣੀ ਦੀ ਵਰਤੋਂ ਘਟਾਉਣ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਪਾਣੀ ਦੇ ਡਿਗ ਰਹੇ ਪੱਧਰ ਨੂੰ ਰੋਕਣ ਲਈ ਨੋਟੀਫਾਇਡ ਇਲਾਕਿਆਂ ਔੜ ਅਤੇ ਬੰਗਾ ਵਿਚ ਟਿਊਬਵੈਲ ਅਤੇ ਸਬਮਰਸੀਬਲ ਪੰਪ ਲਗਾਉਣ ’ਤੇ ਪਾਬੰਦੀ ਲਗਾਈ ਗਈ ਹੈ।ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਦੇ ਮੁਲਾਂਕਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਜ਼ਿਲ੍ਹੇ ਵਿਚ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਗਿਆਨੇਂਦਰ ਰਾਏ ਨੇ ਦੱਸਿਆ ਕਿ ਪੰਜਾਬ ਦੇ 150 ਬਲਾਕਾਂ ਵਿਚੋਂ 117 ਬਲਾਕ ਓਵਰ ਐਕਸਪਲਾਇਟਿਡ ਹਨ, ਜਿਥੇ ਜ਼ਮੀਨਦੋਜ਼ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਜਦਕਿ 6 ਬਲਾਕ ਕ੍ਰਿਟੀਕਲ, 10 ਸੈਮੀ-ਕਿ੍ਰਟੀਕਲ ਅਤੇ 17 ਸੇਫ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੰਜ ਬਲਾਕਾਂ ਵਿਚੋਂ ਕੇਵਲ ਸੜੋਆ ਬਲਾਕ ਹੀ ਸੇਫ ਹੈ ਜਦਕਿ ਨਵਾਂਸ਼ਹਿਰ, ਬੰਗਾ ਤੇ ਔੜ ਓਵਰ ਐਕਸਪਲਾਇਟਿਡ ਹਨ ਅਤੇ ਬਲਾਚੌਰ ਸੈਮੀ-ਕ੍ਰਿਟੀਕਲ ਸ਼੍ਰੇਣੀ ਵਿਚ ਆਉਂਦਾ ਹੈ।ਧਰਤੀ ਹੇਠਲੇ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ।
                       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ, ਵਰਕਸ ਮੈਨੇਜਰ ਮਨਰੇਗਾ ਇੰਜ. ਜੋਗਾ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਐਸ.ਡੀ.ਓ ਜਲ ਸਪਲਾਈ ਮਨਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …