ਕਿਹਾ, ਜਾਣ ਬੁੱਝ ਕੇ ਤਰੱਕੀਆਂ ਨੂੰ ਲਮਕਾ ਰਿਹੈ ਜਿਲ੍ਹਾ ਸਿੱਖਿਆ ਅਫ਼ਸਰ
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ‘ਚ 200 ਕਰੀਬ ਹੈਡ ਟੀਚਰਾਂ ਦੀਆਂ ਖਾਲੀ ਪੋਸਟਾਂ ਅਤੇ ਅਧਿਆਪਕ ਜਥੇਬੰਦੀਆਂ ਦੇ ਵੱਡੇ
ਸੰਘਰਸ਼ ਉਪਰੰਤ ਰੋਸਟਰ ਰਜਿਸਟਰ ਦੇ ਸਾਰੇ ਆਬਜੈਕਸ਼ਨ ਦੂਰ ਹੋਣ ‘ਤੇ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਹੈਡ ਟੀਚਰਾਂ ਦੇ ਕੇਸ ਮੰਗਣ ਦੀ ਬਜ਼ਾਏ ਜਾਣ ਬੁੱਝ ਕੇ ਤਰੱਕੀਆਂ ਦੇ ਕੰਮ ਨੂੰ ਲਮਕਾਇਆ ਜਾ ਰਿਹਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਇਸ ਰਵੱਈਏ ਨੂੰ ਵੇਖਦਿਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵਲੋਂ ਸੋਮਵਾਰ ਤੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।
ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਐਲੀਮੈਂਟਰੀ ਟੀਚਰ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ 200 ਦੇ ਕਰੀਬ ਹੈਡ ਟੀਚਰਾਂ ਦੀਆਂ ਖਾਲੀ ਪੋਸਟਾਂ ਤੇ ਸਕੂਲਾਂ ਦੇ ਪ੍ਰਬੰਧ ‘ਚ ਆ ਰਹੀਆਂ ਵੱਡੀਆਂ ਮੁਸ਼ਕਲਾਂ ਨੂੰ ਵੇਖਦਿਆਂ ਜਥੇਬੰਦੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ, ਰੋਸ ਧਰਨਿਆਂ ਤੋਂ ਇਲਾਵਾ ਉਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਕੇ ਤਰੱਕੀਆਂ ਸਬੰਧੀ ਰੋਸਟਰ ਰਜਿਸਟਰ ਨੂੰ ਪ੍ਰਵਾਨਗੀ ਦਿਵਾਈ ਹੈ।ਡੀ.ਪੀ.ਆਈ ਐਲੀਮੈਂਟਰੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇੱਕ ਪੱਤਰ ਜਾਰੀ ਕਰ ਕੇ 11 ਨਵੰਬਰ ਤੱਕ ਹੈਡ ਟੀਚਰ ਦੀਆਂ ਤਰੱਕੀਆਂ ਕਰਨ ਲਈ ਕਿਹਾ ਗਿਆ ਸੀ।ਪਰ ਸਿੱਖਿਆ ਅਫ਼ਸਰ ਵਲੋਂ ਜਾਣ ਬੁੱਝ ਕੇ ਤਰੱਕੀਆਂ ਦੇ ਕੰਮ ਨੂੰ ਲੇਟ ਕੀਤਾ ਜਾ ਰਿਹਾ ਹੈ।ਇਸ ਲਈ ਅੱਜ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸੋਮਵਾਰ ਤੋਂ ਜ਼ਿਲ੍ਹਾ ਸਿੱਖਿਆ ਦਫਤਰ ਦਾ ਆਰਡਰ ਜਾਰੀ ਹੋਣ ਤੱਕ ਘਿਰਾਓ ਕੀਤਾ ਜਾਵੇ।ਜਿਸ ਦੀ ਨਿਰੋਲ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਉਸ ਦੇ ਅਮਲੇ ਦੀ ਹੋਵੇਗੀ।ਉਨ੍ਹਾਂ ਸਾਰੀਆਂ ਯੂਨੀਅਨਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ‘ਚ ਸਾਥੀਆਂ ਸਮੇਤ ਸੋਮਵਾਰ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਦੁਪਹਿਰ 3.00 ਵਜੇ ਪਹੁੰਚਣ ਤਾਂ ਜੋ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਜ਼ਬਰਦਸਤ ਘਿਰਾਓ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਘਿਰਾਓ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਸ ਦੇ ਦਫ਼ਤਰੀ ਅਮਲੇ ਨੂੰ ਉਨ੍ਹਾਂ ਚਿਰ ਦਫ਼ਤਰ ਤੋਂ ਆਉਣ ਦਿੱਤਾ ਜਾਵੇਗਾ, ਜਿੰਨਾ ਚਿਰ ਤੱਕ ਤਰੱਕੀਆਂ ਸਬੰਧੀ ਕੋਈ ਠੋਸ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ, ਸਤਬੀਰ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਮਾਨ, ਸੁਰੇਸ਼ ਖੁੱਲਰ, ਸੁਖਜਿੰਦਰ ਸਿੰਘ ਹੇਰ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਵੇਰਕਾ, ਮੋਹਨਜੀਤ ਸਿੰਘ ਵੇਰਕਾ, ਮਨਿੰਦਰ ਸਿੰਘ, ਚਰਨਜੀਵ ਕੁਮਾਰ, ਪਰਮਬੀਰ ਵੇਰਕਾ, ਸੁਖਜੀਤ ਸਿੰਘ ਭਕਨਾ, ਮਨਪ੍ਰੀਤ ਸਿੰਘ, ਰਾਜਿੰਦਰ ਕੁਮਾਰ, ਸੰਜੀਵ ਕਾਲੀਆ, ਬਲਦੇਵ ਰਾਜ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media