Wednesday, September 16, 2026

ਤੇਲੂ ਰਾਮ ਕੋਹਾੜਾ ਦੀ ਸਵੈ ਜੀਵਨੀ ‘ਜ਼ਿੰਦਗੀ ਦਾ ਮੇਲਾ’ ’ਤੇ ਲੇਖਕ ਮੰਚ ਸਮਰਾਲਾ ਵਲੋਂ ਚਰਚਾ

ਸਮਰਾਲਾ, 13 ਦਸੰਬਰ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਉਘੇ ਲੇਖਕ ਤੇ ਪੱਤਰਕਾਰ ਤੇਲੂ ਰਾਮ ਕੋਹਾੜਾ ਦੀ ਸਵੈ-ਜੀਵਨੀ ‘ਜ਼ਿੰਦਗੀ ਦਾ ਮੇਲਾ’ ’ਤੇ ਹਾਜ਼ਰ ਅਦੀਬਾਂ ਨੇ ਖੁੱਲ੍ਹ ਕੇ ਵਿਚਾਰ ਚਰਚਾਵਾਂ ਕੀਤੀਆਂ।ਪ੍ਰਧਾਨਗੀ ਮੰਡਲ ਵਿੱਚ ਤੇਲੂਰਾਮ ਕੋਹਾੜਾ, ਨਾਵਲਕਾਰ ਰਾਮ ਸਰੂਪ ਰਿਖੀ ਤੇ ਰਘਬੀਰ ਸਿੰਘ ਭਰਤ ਸੁਸ਼ੋਭਿਤ ਸਨ। ਪ੍ਰੋਗਰਾਮ ਦੇ ਆਗਾਜ਼ ’ਚ ਤੇਲੂਰਾਮ ਕੋਹਾੜਾ ਨੇ ਆਪਣੀ ਸਵੈ-ਜੀਵਨੀ ‘ਜ਼ਿੰਦਗੀ ਦਾ ਮੇਲਾ’ ਵਿਚੋਂ ਕੁੱਝ ਅੰਸ਼ ਪੜ੍ਹ ਕੇ ਸਰੋਤਿਆਂ ਦੀ ਨਜ਼ਰ ਕੀਤੇ। ਉਨ੍ਹਾਂ ਦੱਸਿਆ ਕਿ ਉਹ ਇਸ ਜੀਵਨੀ ਵਿੱਚ ਸਮਾਜਿਕ ਸਰੋਕਾਰਾਂ ਨੂੰ ਨਾਲ ਲੈ ਕੇ ਚੱਲਿਆ ਹੈ।ਉਨ੍ਹਾਂ ਕਿਹਾ ਕਿ ਇਹ ਉਨਾਂ ਦੀ ਕਹਾਣੀ ਨਹੀਂ ਬਲਕਿ ਪੰਜਾਬ ਦੇ ਉਸ ਵੇਲੇ ਦੇ ਮਾਹੌਲ ਦੀ ਕਹਾਣੀ ਹੈ।ਉਨ੍ਹਾਂ ਕਿਹਾ ਕਿ ਕਹਾਣੀ ਲਿਖਣ ਲਈ ਉਨ੍ਹਾਂ ਵਲੋਂ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਗਏ।ਸਾਹਿਤ ਸਭਾਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ।ਆਪਣੀ ਕਹਾਣੀ ਸੁਣਾਉਂਦਿਆਂ ਲੇਖਕ, ਪਾਠਕਾਂ ਨੂੰ ਆਪਣੇ ਪਛੋਕੜ ਤੋਂ ਜਾਣ ਪਛਾਣ ਕਰਾਉਂਦਾ ਹੈ।ਲੇਖਕ ਤੇ ਆਲੋਚਕ ਰਘਬੀਰ ਸਿੰਘ ਭਰਤ ਨੇ ਕਿਤਾਬ ਤੇ ਆਪਣੇ ਵਿਚਾਰ ਪੇਸ਼ ਕੀਤੇ।ਉਘੇ ਨਾਵਲਕਾਰ ਰਾਮ ਸਰੂਪ ਰਿਖੀ ਨੇ ਕਿਤਾਬ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਵੈ-ਜੀਵਨੀ ਵਿੱਚ ਭਤਕਾਲ ਨੂੰ ਵਰਤਮਾਨ ਵਿੱਚ ਲਿਆ ਕੇ ਸਜੀਵ ਕਰਨਾ ਹੁੰਦਾ ਹੈ, ਪਰ ਕੀ ਭੂਤਕਾਲ ਵਰਤਮਾਨ ਲਈ ਕੋਈ ਅਰਥ ਰੱਖਦਾ ਹੈ।ਸਵੈ-ਜੀਵਨੀ ਸਵੈ ਦੇ ਆਰ-ਪਾਰ ਦੇਖਣ ਦੀ ਜੁਰੱਅਤ ਹੈ। ਸਧਾਰਣ ਵਿਅਕਤੀ ਲਈ ਸਵੈ-ਜੀਵਨੀ ਲਿਖਣਾ ਅਸਾਨ ਕੰਮ ਨਹੀਂ ਹੈ।ਉਨ੍ਹਾਂ ਕਿਹਾ ਕਿ ਤੇਲੂ ਰਾਮ ਕੋਹਾੜਾ ਵਲੋਂ ਕਿਤਾਬ ਵਿੱਚ ਪੇਸ਼ ਕੀਤੀਆਂ ਨਿੱਕੀਆਂ ਗੱਲਾਂ, ਵੱਡੇ ਅਰਥ ਦੱਸਦੀਆਂ ਹਨ। ਤੇਲੂਰਾਮ ਕੋਹਾੜਾ ਦੀ ਪੁਸਤਕ ’ਤੇ ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ, ਵਿਦਵਾਨ ਆਲੋਚਕ ਗੁਰਭਗਤ ਸਿੰਘ ਗਿੱਲ ਤੇ ਮਾਸਟਰ ਤਰਲੋਚਨ ਸਿੰਘ ਨੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।

                ਰਚਨਾਵਾਂ ਦੇ ਦੌਰ ਵਿੱਚ ਅਵਤਾਰ ਸਿੰਘ ਉਟਾਲਾਂ, ਕਸ਼ਮੀਰ ਸਿੰਘ ਮਾਛੀਵਾੜਾ, ਨੌਜਵਾਨ ਕਵੀ ਪੰਚਮ, ਕਰਮ ਸਿੰਘ, ਭੁਪਿੰਦਰ ਸਿੰਘ ਡਿਓਟ, ਰਾਜਦੀਪ ਸਿੰਘ ਦਿੱਗਪਾਲ ਤੇ ਮਾਸਟਰ ਤਰਲੋਚਨ ਸਿੰਘ ਨੇ ਰਚਨਾਵਾਂ ਪੇਸ਼ ਕੀਤੀਆਂ।ਜਿਨ੍ਹਾਂ ਨੇ ਨਿੱਠ ਕੇ ਵਿਚਾਰ ਚਰਚਾ ਹੋਈ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਦੀਪ ਸਿੰਘ ਧਾਲੀਵਾਲ, ਰਜਿੰਦਰ ਸਿੰਘ ਜੰਡਿਆਲੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਮੰਚ ਸੰਚਾਲਨ ਜਨਰਲ ਸਕੱਤਰ ਸੁਰਜੀਤ ਸਿੰਘ ਵਿਸ਼ਾਦ ਨੇ ਕੀਤਾ।
ਅਖੀਰ ਵਿੱਚ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …