Monday, April 27, 2026

ਲਾਇਬਰੇਰੀ ਦੀ ਇਮਾਰਤ ਲਈ 10 ਲੱਖ ਰੁਪਏ ਕੀਤੇ ਗਏ ਜਾਰੀ

ਲੇਖਕ ਮੰਚ ਸਮਰਾਲਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਸਮਰਾਲਾ, 15 ਦਸੰਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਜੋ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ ਵਰਗੇ ਕੌਮਾਂਤਰੀ ਪੱਧਰ ਦੇ ਸਾਹਿਤਕਾਰਾਂ ਦੀ ਧਰਤੀ ਹੈ, ਇੱਥੇ ਦੀ ਉਜਾੜ ਤੇ ਅਧੂਰੀ ਲਾਇਬਰੇਰੀ ਦੀ ਬਿਲਡਿੰਗ ਲਈ ਨਗਰ ਕੌਂਸਲ ਸਮਰਾਲਾ ਨੇ 10 ਲੱਖ ਦੀ ਰਾਸ਼ੀ ਦਾ ਖਰਚਾ ਪਾਸ ਕਰ ਦਿੱਤਾ ਹੈ।ਜਿਸ ਨਾਲ ਇਹ ਜਲਦੀ ਹੀ ਮੁਕੰਮਲ ਹੋ ਕੇ ਇਕ ਵਧੀਆ ਚਾਨਣ ਮੁਨਾਰੇ ਵਾਂਗ ਚਮਕਣ ਲੱਗੇਗੀ।ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਸਨੀ ਦੂਆ, ਐਮ.ਸੀ ਰਣਧੀਰ ਸਿੰਘ ਧੀਰਾ, ਐਮ.ਸੀ ਰਿੰਕੂ ਧਾਲੀਵਾਲ ਤੇ ਹੋਰਾਂ ਦੀ ਹਾਜ਼ਰੀ ਵਿੱਚ ਸਮੁੱਚੀ ਨਗਰ ਕੌਂਸਲ ਦਾ ਧੰਨਵਾਦ ਕਰਦਿਆਂ ਲੇਖਕ ਮੰਚ (ਰਜਿ.) ਸਮਰਾਲਾ ਦੇ ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ ਸਰਪ੍ਰਸਤ, ਮਾ. ਤਰਲੋਚਨ ਸਿੰਘ ਪ੍ਰਧਾਨ, ਸੁਰਜੀਤ ਵਿਸ਼ਾਦ ਜਨਰਲ ਸਕੱਤਰ, ਕਰਮਜੀਤ ਬਾਸੀ ਪ੍ਰੈਸ ਸਕੱਤਰ, ਆਧਾਰਿਤ ਵਫਦ ਨੇ ਉਚੇਚਾ ਮਿਲ ਕੇ ਲੇਖਕ ਮੰਚ (ਰਜਿ:) ਸਮਰਾਲਾ ਦੁਆਰਾ ਪਿਛਲੇ 7 ਮਹੀਨੇ ਤੋਂ ਲਗਾਤਾਰ ਕੀਤੀ ਪੈਰਵੀ ਦੀ ਕੋਸ਼ਿਸ਼ ਨੂੰ ਬੂਰ ਪੈਣ ਤੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਹੁਰਾਂ ਦਾ ਸ਼ੁਕਰੀਆ ਅਦਾ ਕੀਤਾ।ਇੱਥੇ ਇਹ ਵੀ ਵਰਨਣਯੋਗ ਹੈ ਕਿ ਸ਼ਾਇਰ ਲਾਲ ਸਿੰਘ ਦਿਲ ਦੇ ਸ਼ਰਧਾਂਜ਼ਲੀ ਸਮਾਗਮ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਹੁਰਾਂ ਕੋਈ ਡੇਢ ਦਹਾਕਾ ਪਹਿਲਾਂ ਦਿਲ ਦੀ ਯਾਦ ਵਿੱਚ ਲਾਇਬਰੇਰੀ ਉਸਾਰਨ ਦਾ ਐਲਾਨ ਕੀਤਾ ਸੀ।ਉਨ੍ਹਾਂ ਨੇ ਕੋਈ 12 ਕੁ ਸਾਲ ਪਹਿਲਾਂ ਇਸ ਇਮਾਰਤ ਦਾ ਨੀਂਹ ਪੱਥਰ ਵੀ ਰੱਖ ਦਿੱਤਾ, ਪਰ ਦਹਾਕਾ ਬੀਤ ਜਾਣ ਉਪਰੰਤ ਵੀ ਉਸ ਨੂੰ ਛੱਤ ਨਸੀਬ ਨਹੀਂ ਹੋ ਸਕੀ।ਇਹ ਅਧੂਰੀ ਇਮਾਰਤ ਸਗੋਂ ਜ਼ਰਾਇਮ ਪੇਸ਼ਾ ਲੋਕਾਂ ਦੀ ਠਾਹਰ ਬਣ ਗਈ।ਇੱਥੋਂ ਤੱਕ ਕਿ ਨਗਰ ਕੌਂਸਲ ਸਮਰਾਲਾ ਵਲੋਂ ਇਸ ਨੂੰ ਢਾਹ ਕੇ ਇਥੇ ਦੁਕਾਨਾਂ ਉਸਾਰਨ ਦਾ ਮਤਾ ਪਾਸ ਕਰਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਸੀ। ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਤਰਲੋਚਨ ਸਿੰਘ ਤੇ ਹੋਰ ਅਹੁਦੇਦਾਰਾਂ ਦੀ ਸਮੁੱਚੀ ਟੀਮ ਵਲੋਂ ਹਰ ਹਾਲ ਇੱਥੇ ਲਾਇਬਰੇਰੀ ਉਸਾਰਨ ਦੀ ਮੁਹਿੰਮ ਚਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਆਪਣੇ ਫੈਸਲੇ ਨੂੰ ਮੁੜ ਵਿਚਾਰਦਿਆਂ ਨਗਰ ਕੌਂਸਲ ਨੇ ਖਾਸ ਕਰ ਕਰਨਵੀਰ ਸਿੰਘ ਢਿੱਲੋਂ, ਸਨੀ ਦੂਆ ਤੇ ਹੋਰ ਮੈਂਬਰਾਨ ਨੇ, ਨਾ ਸਿਰਫ਼ ਲਾਇਬਰੇਰੀ ਇਮਾਰਤ ਬਰਕਰਾਰ ਰੱਖਣ ਦਾ ਮਤਾ ਹੀ ਪਾਸ ਕੀਤਾ, ਸਗੋਂ ਇਸ ਨੂੰ ਮੁਕੰਮਲ ਕਰਕੇ ਸਾਹਿਤ ਦਾ ਰੌਸ਼ਨ ਮੀਨਾਰ ਬਣਾਉਣ ਦੇ ਮੰਤਵ ਨਾਲ 10 ਲੱਖ ਰੁਪਏ ਦੀ ਰਾਸ਼ੀ ਵੀ ਇਸ ਪ੍ਰਾਜੈਕਟ ਲਈ ਪਾਸ ਕਰ ਦਿੱਤੀ।ਨਗਰ ਕੌਂਸਲ ਦੇ ਉਕਤ ਅਹੁਦੇਦਾਰਾਂ ਨੇ ਜਲਦੀ ਟੈਂਡਰ ਲਾ ਕੇ ਉਸਾਰੀ ਸ਼ੁਰੂ ਕਰਨ ਦਾ ਭਰੋਸਾ ਲੇਖਕ ਮੰਚ ਦੇ ਵਫਦ ਨੂੰ ਦਿੱਤਾ।ਲੇਖਕ ਮੰਚ ਸਮਰਾਲਾ ਤੇ ਸਮੂਹ ਸਾਹਿਤਕ ਸੰਸਥਾਵਾਂ/ਸਖ਼ਸ਼ੀਅਤਾਂ ਵਲੋਂ ਇਸ ਬੇਹੱਦ ਜ਼ਰੂਰੀ ਮੰਗ ਦੇ ਪੂਰਾ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਲੇਖਕ ਮੰਚ ਸਮਰਾਲਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …