Thursday, September 24, 2026

ਪ੍ਰਧਾਨ ਮੰਤਰੀ ਸੁਰੱਖਿਆ ਮੁੱਦੇ ’ਤੇ ਛੀਨਾ ਨੇ ਸਿੱਧੂ ਨੂੰ ਘੇਰਿਆ

ਕਿਹਾ, ਨੈਤਿਕਤਾ ਦੇ ਅਧਾਰ ’ਤੇ ਚੰਨੀਤੇ ਸਿੱਧੂ ਪੂਰੀ ਕੈਬਨਿਟ ਸਮੇਤ ਦੇਣ ਅਸਤੀਫ਼ਾ

ਅੰਮ੍ਰਿਤਸਰ, 8 ਜਨਵਰੀ (ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਉਲੰਘਣਾ ਦੇ ਗੰਭੀਰ ਮੁੱਦੇ ’ਤੇ ਦਿੱਤੇ ਜਾ ਰਹੇ ‘ਗੁੰਮਰਾਹਕੁੰਨ’ ਬਿਆਨਾਂ ’ਤੇ ਘੇਰਦਿਆਂ ਉਸ ਨੂੰ ਪੈਦਾ ਹੋਏ ਹਾਲਾਤਾਂ ਨੂੰ ਸਮਝਣ ਦਾ ਮਸ਼ਵਰਾ ਦਿੱਤਾ।ਸਿੱਧੂ ਨੂੰ ‘ਮਾਸਟਰ ਮਿਸ ਲੀਡਰ’ ਕਰਾਰ ਦਿੰਦਿਆ ਛੀਨਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਕਾਂਗਰਸ ਸਰਕਾਰ ਨਾ ਸਿਰਫ਼ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਰਕਰਾਰ ਰੱਖਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ, ਸਗੋਂ ਉਨ੍ਹਾਂ ਦੀ ਜਾਨ ਨੂੰ ਗੰਭੀਰ ਜ਼ੋਖ਼ਮ ’ਚ ਪਾਉਣ ਦੀ ਸਾਜ਼ਿਸ਼ ਵੀ ਰਚੀ ਹੈ।
             ਇਥੇ ਜਾਰੀ ਬਿਆਨ ‘ਚ ਛੀਨਾ ਨੇ ਪ੍ਰਧਾਨ ਮੰਤਰੀ ਦੀ ‘ਸੁਰੱਖਿਆ ਉਲੰਘਣਾ’ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਪੂਰੀ ਕੈਬਨਿਟ ਤੋਂ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਜ਼ੂਦਾ ਕਾਂਗਰਸ ਸਰਕਾਰ ਕੋਲ ਸੱਤਾ ’ਚ ਰਹਿਣ ਦਾ ਕੋਈ ਨੈਤਿਕ ਜਾਂ ਕਾਨੂੰਨੀ ਆਧਾਰ ਨਹੀਂ ਹੈ।ਉਨ੍ਹਾਂ ਮੌਜ਼ੂਦਾ ਸਰਕਾਰ ਤੋਂ ਪੁੱਛਿਆ ਕਿ ਜਦ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤਾਂ ਹੋਰ ਕੌਣ ਸੁਰੱਖਿਅਤ ਹੋ ਸਕਦਾ ਹੈ?
                ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਹਾਦਰ ਪੰਜਾਬੀਆਂ ਅਤੇ ਸਿੱਖਾਂ ਲਈ ਵਿਸ਼ੇਸ਼ ਸਤਿਕਾਰ ਰੱਖਦੇ ਹਨ।ਪ੍ਰਧਾਨ ਮੰਤਰੀ ਨੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ਾਂ ਦਾ ਐਲਾਨ ਕਰਨਾ ਸੀ।ਪਰ ਸੌੜੀ ਸੋਚ ਕਾਰਨ ਕਾਂਗਰਸ ਸਰਕਾਰ ਦੇ ਰਾਜ ’ਚ ਪੰਜਾਬ ਨੇ ਖੁਸ਼ਹਾਲੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਦਾ ਸੁਨਹਿਰੀ ਮੌਕਾ ਗਵਾ ਲਿਆ ਹੈ।ਜਿਸ ਨਾਲ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
              ਛੀਨਾ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਹਾਈਕਮਾਂਡ ਤੇ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਪੰਜਾਬ ਦੇ ਹਿੱਤਾਂ ਨੂੰ ਖ਼ਤਰੇ ’ਚ ਪਾ ਦਿੱਤਾ ਹੈ ਅਤੇ ਹੁਣ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਿਹਾ ਹੈ, ਪਰ ਲੋਕ ਸਮਝਦਾਰ ਹਨ।
          ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਕਦਮ-ਕਦਮ ’ਤੇ ਨਿੱਤ ਦਿਨ ਆਪਣੇ ਬਿਆਨ ਬਦਲ ਰਹੇ ਹਨ।ਇਸ ਸਭ ਦੇ ਬਜ਼ਾਏ ਕਾਂਗਰਸ ਆਪਣੀ ਜਿੰਮੇਵਾਰੀ ਨਿਭਾਵੇ ਅਤੇ ਫਰਜ਼ ਤੋਂ ਭੱਜਦਿਆਂ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …