Tuesday, March 17, 2026

ਜਥੇਦਾਰ ਅਕਾਲ ਤਖਤ ਪੋਸਟਰਾਂ ‘ਚ ਗੁਰਬਾਣੀ ਤੁੱਕਾਂ ਵਰਤਣ ਦੇ ਮਾਮਲੇ ‘ਚ ਕਾਂਗਰਸ ਖਿਲਾਫ ਕਾਰਵਾਈ ਕਰਨ – ਮਜੀਠੀਆ

ਵੱਲਾ ‘ਚ ਭਰਵੀਂ ਮੀਟਿੰਗ, ਮਕਬੂਲਪੁਰਾ ਵਿੱਚ ਕੀਤਾ ਡੋਰ ਟੂ ਡੋਰ ਪ੍ਰਚਾਰ

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੁੰ ਅਪੀਲ ਕੀਤੀ ਹੈ ਕਿ ਗੁਰਬਾਣੀ ਦੀਆਂ ਤੁੱਕਾਂ ਨੂੰ ਸਿਆਸੀ ਮਨੋਰਥ ਵਾਸਤੇ ਵਰਤਣ ਦੀ ਕਾਂਗਰਸ ਪਾਰਟੀ ਦੀ ਕੋਝੀ ਹਰਕਤ ਦੇ ਮਾਮਲੇ ‘ਚ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
                        ਅੱਜ ਵੱਲਾ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੁੰ ਕਾਂਗਰਸ ਵਲੋਂ ਆਪਣੇ ਇਸ਼ਤਿਹਾਰਾਂ ਵਿੱਚ ਵਰਤਣ `ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਮੰਤਵਾਂ ਵਾਸਤੇ ਗੁਰਬਾਣੀ ਦੀ ਦੁਰਵਰਤੋਂ ਕਰਨੀ ਬੇਹੱਦ ਨਿੰਦਣਯੋਗ ਹੈ।
                ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜੇ ਨੇ 18 ਸਾਲਾਂ ‘ਚ ਹਲਕਾ ਪੂਰਬੀ ਲਈ ਕੀ ਕੀਤਾ ਹੈ, ਇਸ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਸਬਜ਼ੀ ਮੰਡੀ ਦਾ ਬੁਰਾ ਹਾਲ ਹੈ।ਵੱਲਾ ਪੁੱਲ ਵਾਸਤੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਗਿਆ।ਸਾਰੇ ਹਲਕੇ ਵਿੱਚ ਵਿਕਾਸ ਕਾਰਜ਼ ਮੁਕੰਮਲ ਠੱਪ ਹਨ ਅਤੇ ਨਾ ਬਜ਼ੁਰਗਾਂ ਨੁੰ ਬੁੱਢਾਪਾਂ ਪੈਨਸ਼ਨਾਂ ਮਿਲੀਆਂ ਹਨ ਤੇ ਨਾ ਹੀ ਐਸ.ਸੀ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮਾਂ ਦੇ ਪੈਸੇ ਮਿਲੇ ਹਨ।ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਕਬੂਲਪੁਰਾ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਤੇ ਆਪਣੇ ਲਈ ਵੋਟਾਂ ਮੰਗੀਆਂ।ਲੋਕਾਂ ਨੇ ਥਾਂ-ਥਾਂ ਸਰਦਾਰ ਮਜੀਠੀਆ ਦਾ ਸਿਰੋਪਾਓ ਤੇ ਹਾਰ ਪਾ ਕੇ ਸਨਮਾਨ ਕੀਤਾ।
           ਇਸ ਮੌਕੇ ਕਾਂਗਰਸ ਤੇ ਭਾਜਪਾ ਦੇ ਵਰਕਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਹਨਾਂ ਵਿੱਚ ਕੁਲਦੀਪ ਸਿੰਘ, ਸੁਰਿੰਦਰ, ਕੋਸ਼ਲ ਮਿੰਟੂ, ਜੋਬਨਦੀਪ ਸਿੰਘ ਤੇ ਹੋਰ ਆਗੂ ਸ਼ਾਮਲ ਸਨ।ਭਾਜਪਾ ਤੋਂ ਅਕਾਲੀ ਦਲ ਵਿੱਚ ਆਈ ਡਾ. ਇੰਦਰਜੀਤ ਕੌਰ ਨੁੂੰ ਅਕਾਲੀ ਦਲ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …