ਜਿਲਾ ਚੋਣ ਅਫ਼ਸਰ ਰਾਮਵੀਰ ਨੇ ਪਹਿਲਾ ਦਸਤਖ਼ਤ ਕਰਕੇ ਕੀਤਾ ਆਗਾਜ਼
ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਜ਼ਿਲਾ ਸੰਗਰੂਰ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੂੰ ਆਉਂਦੀ 20 ਫਰਵਰੀ ਨੂੰ ਆਪਣੇ ਵੋਟ ਪਾਉਣ ਦੇ
ਅਧਿਕਾਰ ਦੀ ਵਰਤੋਂ ਕਰਨ ਲਈ ਪੇ੍ਰਰਿਤ ਕਰਨ ਦੇ ਉਦੇਸ਼ ਨਾਲ ਜ਼ਿਲਾ ਚੋਣ ਅਫ਼ਸਰ ਰਾਮਵੀਰ ਵੱਲੋਂ ਇੱਕ ਦਸਤਖ਼ਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।ਜ਼ਿਲਾ ਚੋਣ ਦਫ਼ਤਰ ਸੰਗਰੂਰ ਵਿਖੇ ਜ਼ਿਲਾ ਚੋਣ ਅਧਿਕਾਰੀ ਰਾਮਵੀਰ ਨੇ ਖੁਦ ਪਹਿਲਾ ਦਸਤਖ਼ਤ ਕਰਕੇ ਇਸ ਮੁਹਿੰਮ ਆਰੰਭੀ। ਉਨਾਂ ਕਿਹਾ ਕਿ ਜ਼ਿਲੇ ਦੇ ਹਰੇਕ ਬਾਲਗ ਨਾਗਰਿਕ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ਼ ਰੱਖਦੇ ਹੋਏ ਚੋਣਾਂ ਵਿੱਚ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਗਏ ‘ਵੋਟਰ ਪ੍ਰਣ’ ਵਿੱਚ ਦਸਤਖਤ ਕਰਨ ਵਾਲਾ ਹਰੇਕ ਨਾਗਰਿਕ ਇਹ ਮਾਣ ਮਹਿਸੂਸ ਕਰਦਾ ਹੈ ਕਿ ਉਹ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਕਾਇਮ ਰੱਖਦਿਆਂ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇਗਾ।ਉਨਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਅਤੇ ਵਿਭਾਗੀ ਪੱਧਰ ’ਤੇ ਅਜਿਹੇ ਬੋਰਡਾਂ ’ਤੇ ਵੋਟਰ ਪ੍ਰਣ ਲਗਵਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਨਾਗਰਿਕ ਵੋਟਾਂ ਦੇ ਮਹੱਤਵਪੂਰਨ ਤਿਓਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਸਕਣ।
ਇਸ ਮੌਕੇ ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਜ਼ਿਲਾ ਨੋਡਲ ਅਫ਼ਸਰ ਸਵੀਪ ਲਤੀਫ਼ ਅਹਿਮਦ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਦਸਤਖ਼ਤ ਕੀਤੇ।
Punjab Post Daily Online Newspaper & Print Media