ਮੇਲੇ ’ਚ ਯੂ.ਪੀ, ਦਿੱਲੀ, ਹਿਮਾਚਲ, ਹਰਿਆਣਾ ਸਮੇਤ ਕੋਲਕਤਾ, ਮਲੇਰਕੋਟਲਾ ਤੋਂ ਪੁੱਜੇ ਪ੍ਰਕਾਸ਼ਕ – ਮੁਯੰਕ ਸੁਰੋਲੀਆ
ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸ਼ੁਰੂ ਹੋਏ 9 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਦੂਸਰੇ ਦਿਨ ਦੀ ਸ਼ੁਰੂਆਤ
ਮਰਹੂਮ ਲੋਕ-ਗਾਇਕਾ ਗੁਰਮੀਤ ਬਾਵਾ ਜੀ ਨੂੰ ਸਮਰਪਿਤ ‘ਅੰਬਰਸਰੀ ਸੱਥ’ ਨਾਲ ਹੋਈ। ਇਸ ਸੱਥ ਦਾ ਸੰਜੋਯਕ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਕੀਤੀ।ਆਪਣੀ ਮਾਤਾ ਨੂੰ ਸਮਰਪਿਤ ਸੱਥ ਵਿਚ ਬੋਲਦਿਆਂ ਉਨ੍ਹਾਂ ਦੀ ਸਪੁੱਤਰੀ ਗਲੋਰੀ ਬਾਵਾ ਭਾਵੁਕ ਹੋ ਗਏ। ਆਪਣੇ ਮਾਤਾ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਾ ਅੰਮ੍ਰਿਤਸਰ ਸਾਹਿਤ ਉਤਸਵ ਆਖ਼ਰੀ ਮੌਕਾ ਸੀ ਜਦੋਂ ਉਨ੍ਹਾਂ ਜਨਤਕ ਸਮਾਗਮ ਵਿਚ ਆਪਣੀ ਲੰਮੀ ਹੇਕ ਦਾ ਜਾਦੂ ਚਲਾਇਆ ਸੀ। ਅੱਜ ਫੇਰ ਸਟੇਜ਼ ’ਤੇ ਆ ਕੇ ਇੰਝ ਨਹੀਂ ਲੱਗ ਰਿਹਾ ਕਿ ਉਹ ਸਾਡੇ ਵਿਚ ਨਹੀਂ ਹਨ।ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਦਾ ਪ੍ਰਸਿੱਧ ਲੋਕ ਗੀਤ ਮਿੱਟੀ ਦਾ ਬਾਵਾ ਆਪਣੇ ਮਾਤਾ ਜੀ ਦੇ ਮੰਨੇ-ਪ੍ਰਮੰਨੇ ਅੰਦਾਜ਼ ਵਿਚ ਲੰਮੀ ਹੇਕ ਨਾਲ ਗਾਇਆ।ਉਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੇ ਲੋਕ ਗਾਇਕੀ ਦੇ ਵੱਖ-ਵੱਖ ਰੰਗ ਵੀ ਭਰੇ ਤੇ ਅੰਮ੍ਰਿਤਸਰ ਤੇ ਸਾਹਿਤ ਜਗਤ ਦੇ ਕਿੱਸੇ ਵੀ ਸੁਣਾਏ।
ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੇ ਲਿਖੇ ਨਾਟਕਾਂ ਤੇ ਸਾਹਿਤਕ ਕਿਰਤਾਂ ਦੇ ਹਵਾਲੇ ਨੇ ਪੰਜਾਬ ਦੇ ਸਾਹਿਤਕ ਮਾਹੌਲ ਦੀ ਗੱਲ ਛੇੜੀ।ਕਾਲਜ ਦੀ ਵਿਦਿਆਰਥਣ ਰਹੀ ਪ੍ਰਸਿੱਧ ਹਾਰ-ਰਸ ਕਲਾਕਾਰ ਰਾਜਬੀਰ ਕੌਰ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਨਾਲੇ ਤਾਂ ਹਾਜ਼ਰ ਸਰੋਤਿਆਂ ਨੂੰ ਹਸਾਇਆ ਤੇ ਨਾਲੇ ਅੰਮ੍ਰਿਤਸਰ ਦੇ ਸਾਹਿਤ, ਸਭਿਆਚਾਰ ਤੇ ਰੰਗਮੰਚ ਦੀਆਂ ਬਹੁਰੰਗੀ ਪਰਤਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਕਵੀ ਤੇ ਵਿਰਾਸਤ ਦੀ ਸੰਭਾਲ ਦਾ ਕਾਰਜ ਕਰ ਰਹੇ ਭੁਪਿੰਦਰ ਸੰਧੂ ਨੇ ਅੰਮ੍ਰਿਤਸਰ ਦੇ ਇਤਿਹਾਸ ਵਿਚੋਂ ਗ਼ੁਜ਼ਰਦਿਆਂ ਅੱਖੀਂ ਡਿੱਠੇ ਸਮਿਆਂ ਦੀਆਂ ਸੁਆਦਲੀਆਂ ਯਾਦਾਂ ਸਾਂਝੀਆਂ ਕੀਤੀਆਂ।ਸੰਦੀਪ ਸਿੰਘ ਨੇ ਅੰਮ੍ਰਿਤਸਰ ਦੇ ਸਮਾਜ ਤੇ ਸਭਿਆਚਾਰ ਵਿੱਚ ਖ਼ਾਲਸਾ ਕਾਲਜ ਦੀ ਭੂਮਿਕਾ ਦੇ ਹਵਾਲੇ ਨਾਲ ਕਾਲਜ ਦੇ ਇਤਿਹਾਸ ਦੇ ਕੁੱਝ ਯਾਦਗਾਰੀ ਪੰਨੇ ਫਰੋਲੇ।ਸੱਥ ਵਿਚ ਅੰਮ੍ਰਿਤਸਰ ਸ਼ਹਿਰ ਦੀ ਸਭਿਆਚਾਰਕ ਵਿਰਾਸਤ ਅਤੇ ਏਥੋਂ ਦੇ ਕਲਾਤਮਕ ਇਤਿਹਾਸ ਦੀਆਂ ਸਾਰੀਆਂ ਤੰਦਾਂ ਮੰਚ ‘ਤੇ ਜੁੜੀਆਂ ਨਜ਼ਰ ਆਈਆਂ।
ਇਸ ਤੋਂ ਬਾਅਦ ਬਠਿੰਡਾ ਤੋਂ ਆਏ ਚਰਚਿਤ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਲਾਈਵ ਪੇਂਟਿੰਗ ਦੀ ਕਲਾ ਦਾ ਪ੍ਰਦਰਸ਼ਨ ਕਰਕੇ ਹਾਜ਼ਰ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ।ਉਨ੍ਹਾਂ ਨੇ ਸਰੋਤਿਆਂ ਨਾਲ ਭਰੇ ਹੋਏ ਪੰਡਾਲ ਦੇ ਅੰਦਰ ਦੇਖਦਿਆਂ ਹੀ ਦੇਖਦਿਆਂ ਬੇਆਸਰਿਆਂ ਨੂੰ ਆਸਰਾ ਦੇਣ ਵਾਲੇ ਭਗਤ ਪੂਰਨ ਸਿੰਘ ਜੀ ਦੀ ਚਿੱਤਰਕਲਾ ਬਣਾ ਕੇ ਸਭ ਨੂੰ ਮੰਤਰ-ਮੁਗਧ ਕਰ ਲਿਆ।
ਇਸ ਦੌਰਾਨ ਨੈਸ਼ਨਲ ਬੁਕ ਟਰੱਸਟ ਇੰਡੀਆ ਤੋਂ ਡਿਪਟੀ ਡਾਇਰੈਕਟਰ ਮੁਯੰਕ ਸੁਰੋਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਰੋਜ਼ਾ ਇਸ ਮੇਲੇ ਦੌਰਾਨ ਕੋਲਕਤਾ, ਯੂ.ਪੀ, ਦਿਲੀ, ਹਿਮਾਚਲ, ਹਰਿਆਣਾ, ਮਲੇਰਕੋਟਲਾ ਆਦਿ ਵਰਗੇ ਸ਼ਹਿਰਾਂ ਤੋਂ ਕਰੀਬ 100 ਪ੍ਰਕਾਸ਼ਕਾਂ ਨੇ ਆਪਣੇ ਕਿਤਾਬਾਂ ਦੇ ਸਟਾਲ ਲਗਾਏ ਹਨ ਅਤੇ ਇਸ ’ਚ ਹਰੇਕ ਉਮਰ ਵਰਗ ਲਈ ਲਗਾਈਆਂ ਕਿਤਾਬਾਂ ’ਤੇ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਐਨ.ਬੀ.ਟੀ ਵਲੋਂ ਲਗਾਏ ਗਏ ਕਿਤਾਬਾਂ ਦੇ ਸਟਾਲ ’ਤੇ ਖਾਸ ਤੌਰ ’ਤੇ ਛੂਟ ਦਿੱਤੀ ਜਾ ਰਹੀ ਹੈ, ਜਿਸ ’ਚ ਛੋਟੇ ਬੱਚਿਆਂ ਦੀ ਗਿਆਨ ਸਬੰਧਿਤ ਕਿਤਾਬਾਂ ’ਤੇ ਖ਼ਾਸ ਰਿਆਇਤ ਦਿੱਤੀ ਜਾ ਰਹੀ ਹੈ।
ਅਗਲੇ ਸੈਸ਼ਨ ਵਿਚ ਸੰਨ ਸੰਤਾਲੀ ਦੀ ਦਰਦਨਾਕ ਵੰਡ ਨੂੰ ਯਾਦ ਕਰਦਿਆਂ ਪੰਜਾਬੀ ਸਾਹਿਤ ਵਿਚ ਪ੍ਰਗਟ ਹੁੰਦੇ ਵੰਡ ਦੇ ਦੁਖਾਂਤ ਦੀ ਬਾਤ ਪਾਈ ਗਈ।ਇਸ ਸੈਸ਼ਨ ਦਾ ਸੰਯੋਜਨ ਕਰਦਿਆਂ ਗੁਰਤੇਜ ਕੋਹਾਰਵਾਲਾ ਨੇ ਮਨੋਵਿਗਿਆਨੀ ਡਾ. ਅਨਿਰੁੱਧ ਕਾਲਾ ਤੋਂ ਵੰਡ ਦਾ ਦੁਖਾਂਤ ਭੋਗ ਰਹੇ ਮਾਨਸਿਕ ਰੋਗ ਪੀੜਿਤਾਂ ਦੇ ਹਵਾਲੇ ਨਾਲ ਲਿਖੀਆਂ ਕਹਾਣੀਆਂ ਦੀ ਲਿਖਣ ਪ੍ਰਕਿਰਿਆ ਬਾਰੇ ਚਰਚਾ ਛੇੜੀ।ਇਸ ਚਰਚਾ ਨੂੰ ਅੱਗੇ ਤੋਰਦਿਆਂ ਪੰਜਾਬੀ ਕਹਾਣੀਕਾਰ ਸਾਂਵਲ ਧਾਮੀ ਨੇ ਆਪਣੇ ਵਲੋਂ ਵੰਡ ਦੇ ਚਸ਼ਮਦੀਦ ਗਵਾਹਾਂ ਦੀਆਂ ਇਕੱਤਰ ਕੀਤੀਆਂ 1000 ਦੇ ਕਰੀਬ ਮੁਲਾਕਾਤਾਂ ਦੇ ਵੱਖ-ਵੱਖ ਪੱਖਾਂ ਦੀ ਗੱਲ ਕੀਤੀ।ਡਾ. ਕਾਲਾ ਦੀਆਂ ਅੰਗਰੇਜ਼ੀ ਕਹਾਣੀਆਂ ਦੇ ਅਨੁਵਾਦਕ ਡਾ. ਕੁਲਬੀਰ ਗੋਜਰਾ ਨੇ ਆਪਣੇ ਅਨੁਵਾਦ ਦਾ ਅਨੁਭਵ ਸਾਂਝਾ ਕਰਦਿਆਂ ਇਨ੍ਹਾਂ ਕਹਾਣੀਆਂ ਦੇ ਪੰਜਾਬੀ ਵਿੱਚ ਛਪਣ ਦੇ ਮਹੱਤਵ ਬਾਰੇ ਦੱਸਿਆ।
ਇਸ ਤੋਂ ਬਾਅਦ ਹੋਏ ‘ਅੰਮ੍ਰਿਤਸਰ ਕਵੀ ਦਰਬਾਰ’ ਵਿਚ ਬੀਬਾ ਬਲਵੰਤ, ਵਿਸ਼ਾਲ, ਦੇਵ ਦਰਦ, ਸੁਹਿੰਦਰਬੀਰ, ਅਰਤਿੰਦਰ ਸੰਧੂ, ਸਿਮਰਤ ਗਗਨ, ਹਰਮੀਤ, ਧਰਵਿੰਦਰ ਔਲਖ, ਅਤੇ ਰੋਜ਼ੀ ਸਿੰਘ ਨੇ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਹਾਜ਼ਰ ਸਰੋਤਿਆਂ ਤੋਂ ਵਾਹ ਵਾਹ ਖੱਟੀ।ਦਲਵੀਰ ਕੌਰ ਯੂ.ਕੇ ਦੀ ਪੁਸਤਕ ਚਿਤਵਣੀ ਵੀ ਰਲੀਜ਼ ਕੀਤੀ ਗਈ।
ਆਪਣੇ ਵਿਚਾਰ ਰੱਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਤਿਹਾਸ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਸੰਵੇਦਨਾ ਨੂੰ ਟੁੰਬਦਾ ਹੈ ਤੇ ਉਸ ਵਿਚੋਂ ਲੋਕ ਮਨਾਂ ਨੂੰ ਟੁੰਬਣ ਵਾਲਾ ਸਾਹਿਤ ਤੇ ਕਲਾਤਮਕ ਕਿਰਤਾਂ ਪੈਦਾ ਹੁੰਦੀਆਂ ਹਨ।ਅੱਜ ਦੇ ਸੈਸ਼ਨ ਵਿਦਿਆਰਥੀਆਂ ਵਿਚ ਉਹ ਸੰਵੇਦਨਾ ਪੈਦਾ ਕਰਨ ਵਿਚ ਆਪਣੀ ਭੂਮਿਕਾ ਨਿਭਾਉਣਗੇ ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਸਾਹਿਤਕ ਤੇ ਕਲਾਤਮਕ ਸਿਰਜਣ ਬਣਾਉਣਗੇ।
ਦੂਸਰੇ ਦਿਨ ਦੇ ਸਮਾਪਨ ਦੌਰਾਨ ਹਾਜ਼ਰ ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਦੱਸਿਆ ਕਿ 7 ਮਾਰਚ ਨੂੰ ਸਾਹਿਤ ਉਤਸਵ ਦਾ ਤੀਸਰਾ ਦਿਨ ‘ਪੰਜਾਬੀ ਯੁਵਾ ਦਾ ਪਰਵਾਸ: ਵਰਤਮਾਨ ਪਰਿਪੇਖ’ ਵਿਸ਼ੇ ’ਤੇ ਸੈਮੀਨਾਰ ਨੂੰ ਸਮਰਿਤ ਰਹੇਗਾ।ਸੋਮਵਾਰ ਸਵੇਰੇ 10.30 ਵਜੇ ਸ਼ੁਰੂ ਹੋ ਰਹੇ ਦੋ ਦਿਨੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਨਾਮਵਰ ਪੰਜਾਬੀ ਵਿਦਵਾਨ ਪਹੁੰਚ ਰਹੇ ਹਨ।ਉਸ ਤੋਂ ਬਾਅਦ ਸੈਮੀਨਾਰ ਦੇ ਅਕਾਦਮਿਕ ਸੈਸ਼ਨ ਵਿਚ ਪਰਵਾਸ ਦੇ ਵੱਖ-ਵੱਖ ਪੱਖਾਂ ਬਾਰੇ ਨਿੱਗਰ ਚਰਚਾ ਹੋਵੇਗੀ। ਬਾਅਦ ਦੁਪਹਿਰ ਸਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਨਾਚ ਗਿੱਧੇ ਤੇ ਲੋਕ ਗਾਇਕੀ ਦੇ ਰੰਗਾਂ ਦੀ ਪੇਸ਼ਕਾਰੀ ਹੋਵੇਗੀ।
Punjab Post Daily Online Newspaper & Print Media