ਅੰਮ੍ਰਿਤਸਰ, 24 ਮਾਰਚ (ਖੁਰਮਣੀਆਂ) – ਸ੍ਰੀ ਦਸਮ ਗ੍ਰੰਥ ਦੀਆਂ ਰਚਨਾਵਾਂ, ਸ੍ਰੀ ਦਸਮ ਗ੍ਰੰਥ ਦੀ ਪ੍ਰਮਾਣਿਕਤਾ, ਸਬਲ ਸਾਹਿਤ ਗੁਰੂ ਗੋਬਿੰਦ ਸਿੰਘ ਦੀ ਰਚਨਾ,
ਬਚਿੱਤਰ ਨਾਟਕ-ਸਮੁੱਚਾ ਭਾਵ, ਸ੍ਰੀ ਹੇਮਕੁੰਟ ਸਪਤਸ੍ਰਿੰਗ ਆਦਿ ਸਬੰਧੀ ਗਿਆਨ ਭਰਪੂਰ ਸ੍ਰੀ ਦਸਮ ਗ੍ਰੰਥ ਦੇ ਖੋਜਾਰਥੀਆਂ ਨੂੰ ਸਮਰਪਿਤ ਪੁਸਤਕ ‘ਸ੍ਰੀ ਦਸਮ ਗ੍ਰੰਥ ਤੇ ਪੰਥਕ ਵਿਦਵਾਨ’ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਲੋਕ ਅਰਪਿਤ ਕੀਤੀ ਗਈ।
ਛੀਨਾ ਨੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਸਾਬਕਾ ਮੁੱਖੀ ਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਸੰਪਾਦਤ ਉਕਤ ਪੁਸਤਕ ਸਬੰਧੀ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਪੁਸਤਕ ’ਚ ਮਹਾਨ ਪੰਥਕ ਵਿਦਵਾਨ ਗਿ: ਦਿੱਤ ਸਿੰਘ, ਭਾਈ ਵੀਰ ਸਿੰਘ, ਸਿਰਦਾਰ ਕਪੂਰ ਸਿੰਘ, ਪ੍ਰੋ: ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ ਆਦਿ ਵਲੋਂ ਦਸਮ ਬਾਣੀ ਦਾ ਜ਼ਿਕਰ ਬਹੁਤ ਬਾਖੂਬੀ ਪੇਸ਼ ਕੀਤਾ ਗਿਆ।ਉਨ੍ਹਾਂ ਕਿਹਾ ਕਿ ਡਾ. ਗੋਗੋਆਣੀ ਵਲੋਂ ਹੁਣ ਤੱਕ ਗਿਆਨੀ ਦਿੱਤ ਸਿੰਘ ਜੀਵਨ, ਰਚਨਾ ਤੇ ਸਿੱਖ ਪੰਥ ਨੂੰ ਦੇਣ, ਸੰਪੂਰਨ ਸਖ਼ਸ਼ੀਅਤ ਦੇ 16 ਗੁਣ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅੰਮ੍ਰਿਤਸਰ ਦਾ ਇਤਿਹਾਸ, ਭਾਈ ਭਰਮ ਤੋੜ ਸਿੰਘ, ਸਿੰਘ ਸੂਰਮੇ, ਦੀਵਾ ਬਲੈ ਅੰਧੇਰਾ ਜਾਇ, ਸੱਚੀ ਸਿੱਖਿਆ (ਬੱਚਿਆਂ ਲਈ) ਅਤੇ ਗਾਗਰ ’ਚ ਸਾਗਰ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਤੋਂ ਇਲਾਵਾ ਗਿਆਨੀ ਦਿੱਤ ਸਿੰਘ ਤੇ ਸਿੱਖ ਮਸਲੇ (ਖ਼ਾਲਸਾ ਅਖ਼ਬਾਰ ਲਾਹੌਰ ਦੇ ਸੰਪਾਦਕੀ ਲੇਖ), ਗਿਆਨੀ ਦਿੱਤ ਸਿੰਘ ਰਚਨਾਵਲੀ ‘ਦੰਭ ਵਿਦਾਰਨ’ ਆਦਿ ਦੀ ਸੰਪਾਦਨਾ ਸਮੇਤ 26 ਦੇ ਕਰੀਬ ਪੁਸਤਕਾਂ ਡਾ. ਗੋਗੋਆਣੀ ਦੇ ਨਾਂਅ ’ਤੇ ਦਰਜ਼ ਹਨ।
ਉਨ੍ਹਾਂ ਕਿਹਾ ਕਿ ਹਰੇਕ ਨੂੰ ਅਜਿਹੀਆਂ ਪੁਸਤਕਾਂ ਨੂੰ ਪੜ੍ਹਣਾ ਚਾਹੀਦਾ ਹੈ, ਕਿਉਂਕਿ ਅਜਿਹੀਆਂ ਪੁਸਤਕਾਂ ਨਾਲ ਸਾਨੂੰ ਆਪਣੇ ਇਤਿਹਾਸ ਤੋਂ ਇਲਾਵਾ ਵਿਰਸੇ ਪ੍ਰਤੀ ਭਰਪੂਰ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਗੌਰਵਮਈ ਇਤਿਹਾਸ ਦਾ ਗਿਆਨ ਹੁੰਦਾ ਹੈ।ਪੁਸਤਕ ਲੋਕ ਅਰਪਿਤ ਸਮੇਂ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ, ਅੰਡਰ ਸੈਕਟਰੀ ਡੀ.ਐਸ ਰਟੌਲ ਆਦਿ ਮੌਜ਼ੂਦ ਸਨ।
ਡਾ. ਗੋਗੋਆਣੀ ਨੇ ਪੁਸਤਕ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਸੰਨ 1984 ਦੇ ਘੱਲੂਘਾਰੇ ਤੋਂ ਬਾਅਦ ਗਿਣੀ ਮਿਥੀ ਸਾਜਿਸ਼ ਅਧੀਨ ਕੁੱਝ ਸਿੱਖ ਲੇਖਕਾਂ, ਪ੍ਰਚਾਰਕਾਂ ਨੂੰ ਵਰਗਲਾਇਆ ਗਿਆ ਅਤੇ ਉਹ ਸਿੱਖ ਪੰਥ ਦੀਆਂ ਅਮੀਰ ਪ੍ਰੰਪਰਾਵਾਂ, ਮਰਯਾਦਾ, ਸਰੋਤ ਗ੍ਰੰਥਾਂ ਅਤੇ ਸ੍ਰੀ ਦਸਮ ਗ੍ਰੰਥ ਪ੍ਰਤੀ ਬੇਲੋੜੇ ਸ਼ੰਕੇ ਉਭਾਰਨ ਲੱਗ ਪਏ।ਇਨ੍ਹਾਂ ਨੇ ਹਰ ਹੀਲਾ ਵਰਤ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਵੀ ਕੀਤਾ।ਦਾਨਿਆਂ ਦਾ ਕਥਨ ਹੈ ਕਿ ਕਿਸੇ ਕੌਮ ਦੇ ਵਾਰਿਸਾਂ ਦੀ ਸ਼ਰਧਾ ਭਾਵਨਾ ਤੇ ਭਰੋਸਾ ਖ਼ਤਮ ਕਰਨਾ ਹੋਵੇ ਤਾਂ ਨਿੱਠ ਕੇ ਇੰਨ੍ਹੇ ਸ਼ੰਕੇ ਖੜ੍ਹੇ ਕਰ ਦਿਓ ਕਿ ਆਮ ਸ਼ਰਧਾਲੂ ਤੇ ਉਸ ਕੌਮ ਦੇ ਵਾਰਿਸ ਦੁਬਿਧਾ ਦਾ ਸ਼ਿਕਾਰ ਹੋ ਕੇ ਬੇਭਰੋਸਗੀ ਦੇ ਆਲਮ ’ਚ ਚਲੇ ਜਾਣ।ਉਨ੍ਹਾਂ ਕਿਹਾ ਕਿ ਉਕਤ ਹਥਲੀ ਪੁਸਤਕ ਦੀ ਸੰਪਾਦਨਾ ਦਾ ਮੁੱਖ ਮਕਸਦ ਸ੍ਰੀ ਦਸਮ ਬਾਣੀ ਸਬੰਧੀ ਸਹੀ ਪ੍ਰਚਾਰ ਤੇ ਸਤਿਕਾਰਤ ਵਿਦਵਾਨਾਂ ਦੀਆਂ ਦੁਰਲੱਭ ਰਚਨਾਵਾਂ ਨੂੰ ਪਾਠਕਾਂ ਦੇ ਸਨਮੁੱਖ ਕਰਨਾ ਹੈ ਤਾਂ ਕਿ ਕਿਸੇ ਨੂੰ ਸ਼ੰਕਾ ਨਾ ਰਹੇ ਅਤੇ ਇਹ ਪੁਸਤਕ ਆਮ ਪਾਠਕਾਂ, ਪ੍ਰਚਾਰਕਾਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਪੁਸਤਕ ਸਾਬਿਤ ਹੋਵੇਗੀ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media