Friday, March 27, 2026

ਇੰਜੀਨਿਅਰਿੰਗ ਵਿਸ਼ਿਆਂ ਨਾਲ ਸੰਬੰਧਤ ਪੰਜਾਬੀ ਪੁਸਤਕਾਂ ਦੀ ਰਚਨਾ ਹੋ ਸਕੇਗੀ ਸੰਭਵ- ਡਾ. ਮਨਜਿੰਦਰ ਸਿੰਘ

ਵਰਕਸ਼ਾਪ ਦੌਰਾਨ 3500 ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿੱਚ ਨਿਰਮਾਣ, ਟੀਚਾ 5000 ਸ਼ਬਦ – ਡਾ. ਰਵਿੰਦਰ ਕੁਮਾਰ
ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਗਿਆਨ ਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ ) ਨਵੀਂ ਦਿੱਲੀ ਵੱਲੋਂ ਸਾਂਝੇ ਤੌਰ `ਤੇ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਉਪਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਪੰਜ-ਰੋਜ਼ਾ ਵਰਕਸ਼ਾਪ ਦੇ ਤੀਜੇ ਦਿਨ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਪ੍ਰਸਾਰ ਕਰਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਉਦੇਸ਼ਾਂ ਵਿੱਚੋਂ ਇਕ ਹੈ।ਇਸੇ ਉਦੇਸ਼ ਨੂੰ ਸਮਰਪਿਤ ਇਸ ਵਰਕਸ਼ਾਪ ਦਾ ਮੰਤਵ ਇੰਜੀਨੀਅਰਿੰਗ ਵਿਸ਼ੇ ਦੀ ਬਹੁਪੱਖੀ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿਚ ਨਿਰਮਾਣ ਕਰਨਾ ਹੈ।ਪੰਜਾਬੀ ਭਾਸ਼ਾ ਨੂੰ ਵਿਗਿਆਨਕ ਅਤੇ ਤਕਨਾਲੋਜੀ ਦੇ ਵਿਸ਼ਿਆਂ ਦੀ ਉਚੇਰੀ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਸੰਬੰਧਿਤ ਵਿਸ਼ਿਆਂ ਦੀ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਵਿਚ ਨਿਰਮਾਣ ਕਰਨਾ ਪਹਿਲਾ ਕਦਮ ਹੈ।ਇਸ ਤੋਂ ਬਾਅਦ ਹੀ ਇਹਨਾਂ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ ਦੀ ਪੰਜਾਬੀ ਵਿਚ ਰਚਨਾ ਕਰਨਾ ਸੰਭਵ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨੌਜੁਆਨਾਂ ਵਿਚ ਹੁਨਰ ਅਤੇ ਕਾਬਲੀਅਤ ਦੀ ਕੋਈ ਕਮੀ ਨਹੀਂ ਹੈ ਅਤੇ ਇੰਜੀਨਿਅਰਿੰਗ ਪੜ੍ਹਾਈ `ਚ ਭਾਸ਼ਾ ਦੇ ਬੈਰੀਅਰ ਨੂੰ ਪਾਰ ਕਰਦੇ ਹੋਏ ਪੰਜਾਬੀ `ਚ ਹੋ ਰਹੇ ਇਸ ਉਦਮ ਨਾਲ ਨਵੇਂ ਉਸਾਰੂ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ।
                       ਵਰਕਸ਼ਾਪ ਦੇ ਸੈਸ਼ਨ ਦੌਰਾਨ ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਅਸਿਸਟੈਂਟ ਸਾਇੰਟਿਫਕ ਅਫ਼ਸਰ (ਖੇਤੀਬਾੜੀ) ਸ਼ੈਲੇਂਦਰ ਸਿੰਘ ਨੇ ਕਿਹਾ ਕਿ ਵਰਕਸ਼ਾਪ ਦਾ ਪ੍ਰਯੋਜਨ ਇੰਜੀਨੀਅਰਿੰਗ ਦੀ ਤਕਨੀਕੀ ਸ਼ਬਦਾਵਲੀ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੇਵਲ ਅਨੁਵਾਦ ਕਰਨਾ ਨਹੀਂ ਹੈ।ਬਲਕਿ ਪੰਜਾਬੀ ਵਿਚ ਇੰਜੀਨੀਅਰਿੰਗ ਦੀ ਢੁੱਕਵੀਂ ਸ਼ਬਦਾਵਲੀ ਦਾ ਨਿਰਮਾਣ ਕਰਨਾ ਹੈ।ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਨਵੀਂ ਸਿਖਿਆ ਨੀਤੀ ਦਾ ਉਦੇਸ਼ ਵਿਗਿਆਨ ਅਤੇ ਇੰਜੀਨੀਅਰਿੰਗ ਆਦਿ ਵਿਸ਼ਿਆਂ ਦੀ ਉਚੇਰੀ ਸਿੱਖਿਆ ਨੂੰ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿਚ ਮੁਹਈਆ ਕਰਵਾਉਣਾ ਹੈ।ਇਸ ਪੱਖ ਤੋਂ ਵੀ ਇਹ ਵਰਕਸ਼ਾਪ ਬਹੁਤ ਅਹਿਮ ਹੈ।
                     ਇਸ ਉਪਰੰਤ ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਅਸਿਸਟੈਂਟ ਡਾਇਰੈਕਟਰ ਅਸ਼ੋਕ ਸੇਲਵਟਕਰ ਨੇ ਕਿਹਾ ਕਿ ਕਮਿਸ਼ਨ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨਵਰਸਿਟੀ ਇੰਜੀਨੀਅਰਿੰਗ ਦੀ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਵਿਚ ਨਿਰਮਾਣ ਕਰਨ ਹਿਤ ਬਹੁਤ ਅਹਿਮ ਕਾਰਜ ਕਰ ਰਹੀ ਹੈ।ਵਰਕਸ਼ਾਪ ਦੇ ਕੋ-ਕੋਆਰਡੀਨੇਟਰ ਡਾ. ਰਵਿੰਦਰ ਕੁਮਾਰ ਅਸਿਸਟੈਂਟ ਪ੍ਰੋਫ਼ੈਸਰ, ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਕਿਹਾ ਕਿ ਵਰਕਸ਼ਾਪ ਦੇ ਪਹਿਲੇ ਦਿਨ ਤੋਂ ਹੁਣ ਤੱਕ ਲਗਭਗ 3500 ਸ਼ਬਦਾਂ ਦਾ ਪੰਜਾਬੀ ਵਿੱਚ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਵਰਕਸ਼ਾਪ ਦੀ ਸੰਪੂਰਨਤਾ ਤਕ ਪੰਜ ਹਜ਼ਾਰ ਤੋਂ ਵੱਧ ਸ਼ਬਦਾਂ ਦੇ ਨਿਰਮਾਣ ਦਾ ਟੀਚਾ ਮਿੱਥਿਆ ਗਿਆ ਹੈ।ਉਹਨਾਂ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਇੰਜੀਨੀਅਰਿੰਗ ਦੀ ਗਿਆਨ ਮੁਲਕ ਅਤੇ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿੱਚ ਨਿਰਮਾਣ ਕਰਕੇ ਅਜਿਹਾ ਮੁੱਢਲਾ ਕਾਰਜ਼ ਕੀਤਾ ਜਾਵੇਗਾ।ਜਿਸ ਸਦਕਾ ਪੰਜਾਬੀ ਵਿੱਚ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਪੁਸਤਕਾਂ ਦੀ ਰਚਨਾ ਸੰਭਵ ਹੋ ਸਕੇਗੀ।
                     ਇਸ ਵਰਕਸ਼ਾਪ ਵਿਚ ਡਾ. ਆਰ.ਐਸ ਸਾਹਨੀ, ਡਾ. ਰਮਿੰਦਰ ਕੌਰ, ਡਾ. ਹਰਮਿੰਦਰ ਸਿੰਘ, ਡਾ ਰਾਜਵਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ, ਡਾ. ਰਾਜਨਦੀਪ ਸਿੰਘ, ਡਾ. ਕੁਲਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸਤਿੰਦਰ ਕੌਰ, ਡਾ. ਰਾਜਨ ਵੋਹਰਾ, ਡਾ. ਜਗਦੀਪ, ਡਾ. ਰਾਜਦੀਪ ਸਿੰਘ ਸੋਹਲ ਅਤੇ ਡਾ. ਰਮਨਦੀਪ ਕੌਰ ਪੂਰੀ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …