ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਕਰਨ ਤੇ ਚੰਦੋਆ ਸਾਹਿਬ ਬਾਰੇ ਤੱਥਹੀਣ ਇਲਜ਼ਾਮ ਸੰਸਥਾ ਦੇ ਅਕਸ ਨੂੰ ਵੱਡੀ ਸੱਟ – ਸਿਆਲਕਾ
ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ
ਹੈ।ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪ੍ਰਾਈਮ ਏਸ਼ੀਆ ਟੀ.ਵੀ ਨੇ ਆਪਣੇ ਪ੍ਰੋਗਰਾਮਾਂ ਵਿੱਚ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਹੈ।ਉਨਾਂ ਨੇ ਇਸ ਮਾਮਲੇ ’ਚ ਕੈਨੇਡਾ ਦੇ ਮਾਲਕ ਅਮਨ ਖਟਕੜ, ਉਸ ਦੇ ਪੱਤਰਕਾਰ ਜਤਿੰਦਰ ਪੰਨੂ, ਗੁਰਪ੍ਰੀਤ ਸੰਧਾਵਾਲੀਆ, ਕੈਮਰਾਮੈਨ ਤੇ ਟੈਲੀਕਾਸਟਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਕਿਹਾ ਹੈ।ਪੁਲਿਸ ਕਮਿਸ਼ਨਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵੱਲੋਂ ਸ਼ਿਕਾਇਤ ਪੱਤਰ ਦੇਣ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਪ੍ਰਤਾਪ ਸਿੰਘ, ਬਿਜੈ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਕੱਤਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ ਤੇ ਨਿਰਵੈਲ ਸਿੰਘ ਸਮੇਤ ਵੱਡੀ ਗਿਣਤੀ ‘ਚ ਮੁਲਾਜ਼ਮ ਮੌਜ਼ੂਦ ਸਨ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਪਾਸੋਂ ਡੀ.ਸੀ.ਪੀ ਪ੍ਰਮਿੰਦਰ ਸਿੰਘ ਭੰਡਾਲ ਨੇ ਮੰਗ ਪੱਤਰ ਪ੍ਰਾਪਤ ਕਰਕੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਬੀਤੇ ਦਿਨੀਂ ਪ੍ਰਾਈਮ ਏਸ਼ੀਆ ਟੀ.ਵੀ ’ਤੇ ਇਕ ਵੀਡੀਓ ਰਾਹੀਂ ਸ਼੍ਰੋਮਣੀ ਕਮੇਟੀ ਵਿਰੁੱਧ ਬੇਬੁਨਿਆਦ ਦੋਸ਼ ਲਗਾਏ ਗਏ ਹਨ ਅਤੇ ਝੂਠਾ ਪ੍ਰਾਪੇਗੰਡਾ ਕਰਕੇ ਸੰਸਥਾ ਦੇ ਅਕਸ ਨੂੰ ਵੱਡੀ ਸੱਟ ਮਾਰੀ ਗਈ ਹੈ।ਉਨ੍ਹਾਂ ਕਿਹਾ ਕਿ ਟੀ.ਵੀ ਚੈਨਲ ਵੱਲੋਂ ਆਪਣੇ ਪ੍ਰੋਗਰਾਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਾਂਦੇ ਪਵਿੱਤਰ ਚੰਦੋਆ ਸਾਹਿਬ ਨੂੰ ਵੇਚਣ ਅਤੇ ਫਿਰ ਉਹ ਚੰਦੋਆ ਸਾਹਿਬ ਵਾਪਸ ਸੰਗਤਾਂ ਰਾਹੀਂ ਮੰਗਵਾ ਕੇ ਸਜਾਉਣ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਹੈ।ਇਕ ਵਾਰ ਸਜਾਇਆ ਗਿਆ ਚੰਦੋਆ ਸਾਹਿਬ ਕਦੀ ਵੀ ਦੁਬਾਰਾ ਨਹੀਂ ਲਗਾਇਆ ਜਾਂਦਾ।ਇਹ ਵਿਸ਼ਵ ਭਰ ਦੀਆਂ ਸੰਗਤਾਂ ਦੀ ਮੰਗ ’ਤੇ ਪ੍ਰਧਾਨ ਸਾਹਿਬ ਦੀ ਆਗਿਆ ਅਨੁਸਾਰ ਨਿਯਮਾਂ ਤਹਿਤ ਵੱਖ-ਵੱਖ ਗੁਰੂ ਘਰਾਂ ਲਈ ਦਿੱਤਾ ਜਾਂਦਾ ਹੈ।ਇਸ ਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ, ਜਦਕਿ ਉਕਤ ਟੀ.ਵੀ ਚੈਨਲ ਨੇ ਬਿਨਾਂ ਸਚਾਈ ਜਾਣਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰਨ ਦਾ ਕੋਝਾ ਯਤਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਮੁਕੰਮਲ ਜਾਣਕਾਰੀ ਸ਼੍ਰੋਮਣੀ ਕਮੇਟੀ ਨੇ ਇਕ ਵੀਡੀਓ ਜਾਰੀ ਕਰਕੇ ਸੰਗਤ ਨੂੰ ਦਿੱਤੀ ਹੈ। ਪਰ ਚੈਨਲ ਦੀ ਹਰਕਤ ਕਰਕੇ ਦੇਸ਼ ਦੁਨੀਆਂ ਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਕਈ ਬੇਬੁਨਿਆਦ ਗੱਲਾਂ ਕਰਕੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਇਸ ਚੈਨਲ ਨੇ ਬਦਨਾਮ ਕੀਤਾ ਹੈ।ਲਿਹਾਜ਼ਾ ਚੈਨਲ ਦੇ ਮਾਲਕ ਅਮਨ ਖਟਕੜ, ਐਂਕਰ ਤੇ ਪੱਤਰਕਾਰ ਗੁਰਪ੍ਰੀਤ ਸੰਧਾਵਾਲੀਆ, ਜਤਿੰਦਰ ਪੰਨੂ ਤੇ ਹੋਰਾਂ ਖਿਲਾਫ ਬਣਦੀਆਂ ਧਾਰਾਵਾਂ 295-ਏ, 500, 120ਬੀ, ਆਈਪੀਸੀ 66-ਏ ਆਈਟੀ ਐਕਟ ਅਧੀਨ ਪਰਚੇ ਦਰਜ਼ ਕੀਤੇ ਜਾਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਹ ਚੈਨਲ ਅਤੇ ਖਾਸਕਰ ਜਤਿੰਦਰ ਪੰਨੂ ਪਹਿਲਾਂ ਵੀ ਕਈ ਵਾਰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਕਰਨ ਵਾਲੀਆਂ ਤੱਥਹੀਣ ਗੱਲਾਂ ਕਰ ਚੁੱਕੇ ਹਨ, ਜਿਸ ਕਰਕੇ ਸੰਗਤਾਂ ‘ਚ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੇ ਲੋਕ ਜਾਣਬੁੱਝ ਕੇ ਸਿੱਖ ਸੰਸਥਾ ਵਿਰੁੱਧ ਭੰਡੀ ਪ੍ਰਚਾਰ ਕਰ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਕਿਸੇ ਵੀ ਨੂੰ ਵੀ ਅਜਿਹਾ ਕਰਨ ਦੀ ਖੁੱਲ੍ਹ ਨਹੀਂ ਦੇਵੇਗੀ।ਜੇਕਰ ਕੋਈ ਬਿਨਾ ਵਜ੍ਹਾ ਅਤੇ ਬਿਨਾ ਤੱਥਾਂ ਦੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰੇਗਾ, ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Punjab Post Daily Online Newspaper & Print Media