ਸਕੂਲੀ ਬੱਚਿਆਂ ਨੂੰ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣ ਲਈ ਸਮੀਖਿਆ ਮੀਟਿੰਗ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੀ ਪਾਲਣਾ ‘ਚ ਬਣਾਈ ਗਈ ਸੇਫ਼ ਸਕੂਲ ਵਾਹਨ
ਪਾਲਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਸਬੰਧੀ ਪ੍ਰਮੁੱਖ ਸਕੱਤਰ ਟਰਾਂਸਪੋਰਟ, ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਉਪ ਮੰਡਲ ਮੈਜਿਸਟਰੇਟ ਚਰਨਜੋਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਬੁਲਾਈ ਗਈ।ਇਸ ਮੀਟਿੰਗ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣਾ ਹੈ।ਇਸ ਮੀਟਿੰਗ ਵਿੱਚ ਸਕੱਤਰ ਆਰ.ਟੀ.ਏ ਕਰਨਬੀਰ ਸਿੰਘ ਛੀਨਾ ਤੋਂ ਇਲਾਵਾ ਸ਼੍ਰੀਮਤੀ ਨਵਨੀਤ ਕੌਰ ਤੂਰ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ, ਟਰੈਫਿ਼ਕ ਪੁਲਿਸ, ਜਿ਼ਲ੍ਹਾ ਸਿੱਖਿਆ ਅਫਸਰ (ਸ) ਅਤੇ ਪੀ.ਆਰ.ਟੀ.ਸੀ ਦਫ਼ਤਰ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਸਕੱਤਰ ਆਰ.ਟੀ.ਏ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਸਕੂਲ ਬੱਸਾਂ ਦੀ ਲਗਾਤਾਰ ਰੁਟੀਨ ਚੈਕਿੰਗ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਊਣਤਾਈ ਪਾਈ ਜਾਵੇ ਤਾਂ ਚਲਾਨ ਵੀ ਕੀਤੇ ਜਾਂਦੇ ਹਨ।ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ, ਅਧਿਆਪਕਾਂ, ਡਰਾਇਵਰਾਂ, ਕੰਡਕਟਰਾਂ, ਲੇਡੀ ਅਟੈਂਡੇਟਸ, ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਜਾਣਕਾਰੀ ਲਈ ਸਕੂਲਾਂ ਵਿਚ ਜਾ ਕੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਪੋਸਟਰ ਵੀ ਵੰਡੇ ਜਾਂਦੇ ਹਨ।ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਸਕੂਲੀ ਬੱਸਾਂ ਦੀ ਰੁਟੀਨ ਚੈਕਿੰਗ ਅਤੇ ਰੋਡ ਸੇਫ਼ਟੀ ਜਾਗਰੂਕਤਾ ਸਬੰਧੀ ਗਠਿਤ ਕਮੇਟੀ ਦੀ ਕਾਰਵਾਈ ਬਾਰੇ ਵੀ ਉਪ ਮੰਡਲ ਮੈਜਿਸਟਰੇਟ ਨੂੰ ਸੰਖੇਪ ਵਿੱਚ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਵੱਖ-ਵੱਖ ਸਕੂਲਾਂ ਤੇ ਕਾਲਜਾਂ ੱਿਵਚ ਪਹੁੰਚ ਕਰਕੇ ਟਰੈਫਿ਼ਕ ਪੁਲਿਸ ਦੇ ਐਜ਼ੂਕੇਸ਼ਨ ਵਿੰਗ ਦੀ ਮਦਦ ਨਾਲ ਵਿਸ਼ੇਸ਼ ਸੈਮੀਨਾਰ ਕਰਵਾਏ ਜਾਂਦੇ ਹਨ।ਵਿਦਿਅਕ ਅਦਾਰਿਆਂ ਦੀਆਂ ਬੱਸਾਂ ਦੀ ਫਿ਼ਜੀਕਲ ਚੈਕਿੰਗ ਅਤੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਦੇ ਨਾਲ-ਨਾਲ ਡਰਾਇਵਰਾਂ, ਕੰਡਕਟਰਾਂ ਅਤੇ ਲੇਡੀ ਅਟੈਂਡੇਂਟਸ ਨੂੰ ਟਰੈਫਿ਼ਕ ਨਿਯਮਾਂ ਅਤੇ ” ਸੇਫ਼ ਸਕੂਲ ਵਾਹਨ ਸਕੀਮ ” ਦੀ ਪਾਲਣਾ ਕਰਨ ਹਿੱਤ ਲੋੜ੍ਹੀਂਦੀ ਜਾਣਕਾਰੀ ਦਿੱਤੀ ਜਾਂਦੀ ਹੈ ।
ਕਮੇਟੀ ਵਲੋਂ ਸਕੂਲੀ ਵਾਹਨਾਂ ਵਿਚ ਮੈਡੀਕਲ ਕਿੱਟਾਂ, ਅੱਗ ਬੁਝਾਊ ਯੰਤਰਾਂ, ਸੀ.ਸੀ.ਟੀ.ਵੀ ਕੈਮਰੇ, ਜੀ.ਪੀ.ਐਸ, ਪਾਵਰ ਓਪਰੇਟਿਡ ਹਾਈਡਰੋਲਿਕ ਡੋਰ ਸਿਸਟਮ, ਰਿਫਲੈਕਟਰ, ਡਾਕੂਮੈਂਟਸ ਮੇਨਟੇਨ ਰੱਖਣ ਅਤੇ ਵਾਹਨਾਂ ਦੀ ਫਿ਼ਜੀਕਲ ਫਿ਼ਟਨੈਸ ਸੰਬੰਧੀ ਚੈਕਿੰਗ ਕੀਤੀ ਜਾਂਦੀ ਹੈ।ਸਿਹਤ ਵਿਭਾਗ ਦੀ ਮਦਦ ਨਾਲ ਸਕੂਲਾਂ ਵਿੱਚ ਅੱਖਾਂ ਦੇ ਚੈਕਅਪ ਕੈਂਪ ਲਵਾਉਣ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਟਰੈਫਿ਼ਕ ਨਿਯਮਾਂ ਅਤੇ ਸੇਫ਼ ਸਕੂਲ ਵਾਹਨ ਸਕੀਮ ਤਹਿਤ ਕੁੱਝ ਹੋਰ ਅਤੀ ਜਰੂਰੀ ਗੱਲਾਂ ਦੱਸੀਆਂ ਜਾਂਦੀਆਂ ਹਨ ਤਾਂ ਜੋ ਉਹ ਵੀ ਇਸ ਸਭ ਕੁਝ ਤੋਂ ਜਾਣ ਹੋਣ ਅਤੇ ਕਿਸੇ ਵੀ ਸਮੇਂ ਬੱਸ ਡਰਾਇਵਰ, ਕੰਡਕਟਰ ਅਤੇ ਲੇਡੀ ਅਟੈਂਡੇਂਟਸ ਵਲੋਂ ਵਰਤੀ ਅਣਗਹਿਲੀ ਨੂੰ ਤੁਰੰਤ ਸਕੂਲ ਮੈਨੇਜ਼ਮੈਂਟ ਦੇ ਧਿਆਨ ਵਿਚ ਲਿਆ ਸਕਣ।
Punjab Post Daily Online Newspaper & Print Media