Wednesday, March 11, 2026

ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜ਼ਾਈ ਦੀ ਲੋੜ- ਡਿਪਟੀ ਕਮਿਸ਼ਨਰ

ਜਿਲ੍ਹਾ ਪਠਾਨਕੋਟ ‘ਚ ਝੋਨੇ ਦੀ ਸਿੱਧੀ ਬਿਜ਼ਾਈ ਲਈ 10380 ਹੈਕਟੇਅਰ ਦਾ ਟੀਚਾ

ਪਠਾਨਕੋਟ, 7 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਲਗਾਤਾਰ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਿਕੀ ਗੁਣਾਂ ਅਤੇ ਉਤਪਾਦਕਤਾ ਵਿੱਚ ਨਿਘਾਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
                ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਜ਼ਮੀਨ ਹੇਠਲੇ ਦੀ ਪਹਿਲੀ ਪਰਤ 10-20 ਫੁੱਟ ਤੱਕ ਖਤਮ ਹੋ ਚੁੱਕੀ ਹੈ।ਦੂਜੀ ਪਰਤ 100-200 ਫੁੱਟ 10 ਸਾਲ ਪਹਿਲਾਂ ਖਤਮ ਹੋ ਗਈ।ਹੁਣ ਪੰਜਾਬ ਪਾਣੀ ਦੀ ਤੀਜ਼ੀ 350 ਫੁੱਟ ਡੂੰਘੀ ਪਰਤ ਵਰਤ ਰਿਹਾ ਹੈ।ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਆਲਮੀ ਤਪਸ਼ ਲਈ ਜਿੰਮੇਵਾਰ ਮੁੱਖ ਗੈਸ ਮੀਥੇਨ ਦਾ ਤਕਰੀਬਨ 27% ਹਿੱਸਾ ਝੋਨੇ ਦੇ ਖੇਤਾਂ ਤੋਂ ਉਡਦਾ ਹੈ।ਝੋਨੇ ਦੀ ਕਾਸ਼ਤ ਬਾਕੀ ਫਸਲਾਂ ਵਾਂਗੂ ਬਿਨਾਂ ਕੱਦੂ ਕੀਤਿਆਂ ਕੀਤੀ ਜਾਵੇ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ।ਪੰਜਾਬ ਵਿੱਚ ਸਾਲ 2021-22 ਦੌਰਾਨ ਤਕਰੀਬਨ 27 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ, ਜਿਸ ਵਿਚੋਂ ਤਕਰੀਬਨ 6 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਗਈ ਜਿਸ ਨਾਲ ਅੰਦਾਜਨ 500-600 ਕਰੋੜ ਰੁਪਏ ਦੇ ਖੇਤੀ ਲਾਗਤ ਖਰਚੇ ਘਟਾਉਣ ਵਿੱਚ ਮਦਦ ਮਿਲੀ।
                    ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਵਾਰ ਝੋਨੇ ਦੀ ਸਿੱਧੀ ਬਿਜ਼ਾਈ ਹੇਠ ਰਕਬਾ ਤਕਰੀਬਨ 12 ਲੱਖ ਹੈਕਟੇਅਰ ਲਿਆਉਣ ਦਾ ਟੀਚਾ ਮਿਥਿਆ ਹੈ।ਜਿਸ ਦੀ ਪੂਰਤੀ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਹੁਕਮਾਂ ‘ਤੇ ਸਰਵਜੀਤ ਸਿੰਘ ਵਧੀਕ ਮੁੱੱਖ ਸਕੱਤਰ (ਵਿਕਾਸ) ਪੰਜਾਬ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜ਼ਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਸਮੁੱਚੇ ਪੰਜਾਬ ਵਿੱਚ 20 ਮਈ ਤੱਕ 10 ਪਿੰਡਾਂ ਦੇ ਸਮੂਹ ਬਣਾ ਕੇ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ।
              ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਇਸ ਸਾਲ ਝੋਨੇ ਦੀ ਸਿੱਧੀ ਬਿਜ਼ਾਈ ਨੂੰ ਉਤਸ਼ਾਹਿਤ ਕਰਨ ਲਈ ਜਿਲ੍ਹੇ ‘ਚ 10380 ਹੈਕਟੇਅਰ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਪਿਛਲੇ ਸਾਲ ਸਿੱਧੀ ਬਿਜ਼ਾਈ ਅਧੀਨ ਜਿਲ੍ਹਾ ਪਠਾਨਕੋਟ ਵਿੱਚ 437 ਹੈਕਟੇਅਰ ਰਕਬਾ ਸੀ।ਉਨ੍ਹਾਂ ਦੱਸਿਆ ਕਿ 11 ਮਈ ਨੂੰ 205 ਕਿਸਾਨ ਮਿੱਤਰਾਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …