ਸਿੱਧੀ ਬਿਜ਼ਾਈ ਰਾਹੀਂ ਪਾਣੀ ਨੂੰ ਬਚਾਉਣ ਲਈ ਯਤਨਸ਼ੀਲ 10 ਕਿਸਾਨਾਂ ਦਾ ਸਨਮਾਨ
ਕਪੂਰਥਲਾ, 28 ਮਈ (ਪੰਜਾਬ ਪੋਸਟ ਬਿਊਰੋ) – ਝੋਨੇ ਦੀ ਸਿੱਧੀ ਬਿਜ਼ਾਈ ਰਾਹੀਂ ਪਾਣੀ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਨੇ
ਨਿਵੇੇਕਲੀ ‘ਜਲ ਦਾ ਰਾਖਾ, ਕੱਲ੍ਹ ਦਾ ਰਾਖਾ’ ਮੁਹਿੰਮ ਦੀ ਆਰੰਭਤਾ ਕੀਤੀ ਹੈ। ਭਲੁੱਥ ਹਲਕੇ ਦੇ ਪਿੰਡ ਬਾਮੂਵਾਲ ਤੇ ਲੱਖਣ ਕਲਾਂ ਤੋਂ ਇਸ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਨੂੰ ਪਾਣੀ ਬਚਾਉਣ ਲਈ ਪਹਿਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕਰਾਰ ਦਿੱਤਾ ਤਾਂ ਜੋ ਹੋਰ ਕਿਸਾਨ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।
ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਬਲਾਕ ਢਿੱਲਵਾਂ ਦੇ ਪਿੰਡਾਂ ਅੰਦਰ ਝੋਨੇ ਦੀ ਸਿੱਧੀ ਬਿਜ਼ਾਈ ਕਰਨ ਵਾਲੇ ਕਿਸਾਨਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦਾ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨ ਕੀਤਾ, ਸਗੋਂ ਕਿਸਾਨਾਂ ਦੇ ਟਰੈਕਟਰਾਂ ਤੇ ਉਨ੍ਹਾਂ ਦੇ ਘਰਾਂ ਦੇ ਗੇਟਾਂ ਉੱਪਰ ਵਿਸ਼ੇਸ਼ ਤੌਰ ’ਤੇ ‘ਜਲ ਦਾ ਰਾਖਾ’ ਦੀ ਉਪਾਧੀ ਦਰਸਾਉਣ ਵਾਲੇ ਸਟਿੱਕਰ ਲਾਉਣ ਦੀ ਵੀ ਸ਼ੁਰੂਆਤ ਕੀਤੀ।
ਪਿੰਡ ਬਾਮੂਵਾਲ ਵਿਖੇ ਉਨ੍ਹਾਂ ਕਿਸਾਨ ਕੁਲਵੰਤ ਸਿੰਘ ਚੀਮਾ ਦੇ ਖੇਤ ਦਾ ਦੌਰਾ ਕਰਕੇ ਸਿਧੀ ਬਿਜ਼ਾਈ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਕਿਸਾਨ ਕੁਲਵੰਤ ਸਿੰਘ ਪਿੰਡ ਬਾਮੂਵਾਲ ਜਿਸ ਨੇ 2 ਏਕੜ, ਕਿਸਾਨ ਗੁਰਬਖਸ਼ ਸਿੰਘ ਜਿਸ ਨੇ 15 ਏਕੜ, ਲਖਵਿੰਦਰ ਸਿੰਘ ਖਾਨਪੁਰ ਜਿਸ ਨੇ 3 ਏਕੜ ਵਿਚ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਹੈ, ਨੇ ਪੰਜਾਬ ਸਰਕਾਰ ਵਲੋਂ 1500 ਰੁਪੈ ਪ੍ਰਤੀ ਏਕੜ ਦਿੱਤੀ ਜਾ ਰਹੀ ਪ੍ਰੋਤਸਾਹਨ ਰਾਸ਼ੀ ’ਤੇ ਖੁਸ਼ੀ ਜਤਾਈ।
ਕਿਸਾਨਾਂ ਦੀ ਮੰਗ ਅਨੁਸਾਰ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਉਹ ਪੰਜਾਬ ਸਰਕਾਰ ਦੇ ਪੋਰਟਲ <http://agrimachinerypb.com/home/dsr>
2022 ‘ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ।ਕਿਸਾਨ 5 ਜੂਨ ਤੱਕ ਤਬਦੀਲੀ ਕਰ ਸਕਣਗੇ।ਕਿਸਾਨਾਂ ਦੀ ਸਹੂਲਤ ਲਈ ਹੈਲਪਲਾਇਨ ਨੰਬਰ 88720-26513 ਵੀ ਜਾਰੀ ਕੀਤਾ ਗਿਆ ਹੈ।
ਇਸੇ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਉਨ੍ਹਾਂ ਦੇ ਭਵਿੱਖ ਨੂੰ ਬਚਾਉਣ ਲਈ ਹੰਭਲਾ ਮਾਰਨ ਵਾਲੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਹਰੇਕ ਕਿਸਾਨ ਨੂੰ 5-5 ਪੌਦੇ ਦਿੱਤੇ ਗਏ, ਜੋ ਕਿ ਕਿਸਾਨ ਆਪਣੀ ਮੋਟਰ ’ਤੇ ਲਗਾ ਸਕੇਗਾ।ਸ਼ੁਰੂਆਤੀ ਤੌਰ ’ਤੇ ਕਿਸਾਨਾਂ ਦੀ ਧੰਨਵਾਦੀ ਮੁਹਿੰਮ ਵਿਚ ਸਰਕਾਰੀ ਸਕੂਲ ਨੂਰਪੁਰ ਲੁਬਾਣਾ ਤੇ ਰਣਧੀਰ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਬਲਾਕ ਢਿੱਲਵਾਂ ਦੇ 10 ਕਿਸਾਨਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਜਸਵਿੰਦਰ ਸਿੰਘ ਪਿੰਡ ਬੁਤਾਲਾ, ਕੁਲਵੰਤ ਸਿੰਘ ਪਿੰਡ ਚਕੋਕੀ, ਕੇਵਲ ਸਿੰਘ ਪਿੰਡ ਲੱਖਣ ਕੇ ਪੱਡਾ, ਕੁਲਵੰਤ ਸਿੰਘ, ਗੁਰਬਖਸ ਸਿੰਘ, ਸ਼ਰਨਾਗਤ ਸਿੰਘ ਤੇ ਪਰਮਜੀਤ ਸਿੰਘ ਸਾਰੇ ਪਿੰਡ ਬਾਮੂਵਾਲ ਤੇ ਲਖਵਿੰਦਰ ਸਿੰਘ ਪਿੰਡ ਖਾਨਪੁਰ ਸ਼ਾਮਿਲ ਹਨ।ਇਨ੍ਹਾਂ ਕਿਸਾਨਾਂ ਨੇ ਕੁੱਲ 36 ਏਕੜ ਵਿਚ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਐਸ.ਕੇ ਵਿਰਦੀ, ਬਲਕਾਰ ਸਿੰਘ ਖੇਤੀਬਾੜੀ ਅਫਸਰ, ਵਿਸ਼ਾਲ ਕੌਂਸਲ ਏ.ਡੀ.ਓ, ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Punjab Post Daily Online Newspaper & Print Media