ਪੋਲਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜੇਸ਼ਨ ਮੁਕੰਮਲ, 5 ਜੂਨ ਨੂੰ ਹੋਵੇਗੀ ਰਿਹਰਸਲ
ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜ਼ਿਲਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਦੀ
ਜ਼ਿਮਨੀ ਚੋਣ ਸਬੰਧੀ ਚੋਣਵੇਂ ਅਧਿਕਾਰੀਆਂ ਨਾਲ ਸਮੁੱਚੇ ਪ੍ਰਬੰਧਾਂ ਬਾਰੇ ਵਿਸਥਾਰਿਤ ਸਮੀਖਿਆ ਮੀਟਿੰਗ ਕੀਤੀ।ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਲਈ ਪ੍ਰਸ਼ਾਸਨ ਤੇ ਪੁਲਿਸ ਪੱਧਰ ’ਤੇ ਲਗਾਤਾਰ ਆਪਸੀ ਤਾਲਮੇਲ ਰੱਖਿਆ ਜਾਵੇ।ਦੋਵਾਂ ਉਚ ਅਧਿਕਾਰੀਆਂ ਵਲੋਂ ਜ਼ਿਲੇ ਵਿੱਚੋਂ 100 ਫੀਸਦੀ ਲਾਇਸੰਸੀ ਹਥਿਆਰਾਂ ਨੂੰ ਜਮਾਂ ਕਰਵਾਉਣ ਲਈ ਢੁੱਕਵੇਂ ਕਦਮ ਚੁੱਕਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲਾ ਸੰਗਰੂਰ ਦੇ ਲਾਇਸੰਸੀ ਅਸਲਾਧਾਰੀਆਂ ਨੂੰ ਪਹਿਲਾਂ ਹੀ ਆਪਣਾ ਅਸਲਾ ਸਥਾਨਕ ਪੁਲਿਸ ਥਾਣਿਆਂ ਜਾਂ ਲਾਇਸੰਸੀ ਅਸਲਾ ਡੀਲਰਾਂ ਕੋਲ ਤੁਰੰਤ ਜਮਾਂ ਕਰਵਾਉਣ ਦੇ ਹੁਕਮ ਕੀਤੇ ਹੋਏ ਹਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਮੀਟਿੰਗ ਦੌਰਾਨ ਜ਼ਿਲੇ ਨਾਲ ਲਗਦੀ ਅੰਤਰਰਾਜੀ ਹੱਦ ਰਾਹੀਂ ਨਸ਼ਾ ਤਸਕਰੀ ਨੂੰ ਸਖ਼ਤੀ ਨਾਲ ਰੋਕਣ, ਲਿੰਕ ਸੜਕਾਂ ’ਤੇ ਗਸ਼ਤ ਟੀਮਾਂ ਰਾਹੀਂ ਚੌਕਸੀ ਵਧਾਉਣ, ਹਲਕੇ ਅੰਦਰ ਸ਼ਰਾਬ ਜਾਂ ਅਜਿਹੇ ਕਿਸੇ ਹੋਰ ਨਸ਼ੀਲੇ ਪਦਾਰਥ ਦੇ ਗੈਰਕਾਨੂੰਨੀ ਭੰਡਾਰ ਜਾਂ ਵਿਕਰੀ ਨੂੰ ਸਖ਼ਤੀ ਨਾਲ ਰੋਕਣ ਸਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਜਾ ਚੁੱਕੀ ਹੈ ਅਤੇ 5 ਜੂਨ ਨੂੰ ਸਮੁੱਚੇ ਹਲਕਿਆਂ ਵਿੱਚ ਪੋਲਿੰਗ ਸਟਾਫ਼ ਦੀ ਰਿਹਰਸਲ ਕਰਵਾਈ ਜਾਵੇਗੀ।ਉਨਾਂ ਕਿਹਾ ਕਿ ਸੀ ਵਿਜ਼ਲ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ 100 ਮਿੰਟ ਅੰਦਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਮੂਹ ਏ.ਆਰ.ਓ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਮੀਟਿੰਗ ਦੌਰਾਨ ਗਿਣਤੀ ਕੇਂਦਰਾਂ, ਸਟਰੌਂਗ ਰੂਮ, ਕੋਵਿਡ ਤੋਂ ਬਚਾਅ ਲਈ ਵਰਤੀ ਜਾਣ ਵਾਲੀ ਸੁਰੱਖਿਆ ਸਮੱਗਰੀ ਦੇ ਸਮੇਂ ਸਿਰ ਢੁੱਕਵੇਂ ਨਿਪਟਾਰੇ, ਈ.ਵੀ.ਐਮ, ਵੀ.ਵੀ.ਪੈਟ, ਮੈਨ ਪਾਵਰ, ਸਰਵਿਸ ਵੋਟਰਾਂ, ਵੱਖ ਵੱਖ ਚੌਕਸੀ ਟੀਮਾਂ ਦੀ ਕਾਰਗੁਜ਼ਾਰੀ ਸਮੇਤ ਹੋਰ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਐਸ.ਪੀ ਜਸਬੀਰ ਸਿੰਘ, ਤਹਿਸੀਲਦਾਰ ਚੋਣਾਂ ਵਿਜੇ ਕੁਮਾਰ ਵੀ ਹਾਜ਼ਰ ਸਨ।
Punjab Post Daily Online Newspaper & Print Media