Thursday, March 5, 2026

ਪਾਣੀਆਂ ਨੂੰ ਬਚਾਉਣ ਤੇ ਬਿਜਲੀ ਸੰਕਟ ਵਿਰੁੱਧ ਵਾਟਰ ਵਰਕਸ ਟੈਂਕੀ ‘ਤੇ ਦਿੱਤਾ ਧਰਨਾ

ਪਿੰਡਾਂ `ਚ ਲੋਕਾਂ ਨੂੰ ਪਾਣੀ ਦੇ ਬਚਾਓ ਲਈ ਕੱਢਣਗੇ ਢੋਲ ਮਾਰਚ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਤੈਅ ਪ੍ਰੋਗਰਾਮ ਮੁਤਾਬਿਕ ਵੱਖ-ਵੱਖ ਮੰਗਾਂ ਦੇ ਹੱਲ ਲਈ ਪਿੰਡਾਂ ‘ਚ ਪਾਣੀ ਵਾਲੀਆਂ ਟੈਂਕੀਆਂ ‘ਤੇ ਧਰਨੇ ਦਿੱਤੇ ਜਾ ਰਹੇ ਹਨ।ਉਗਰਾਹਾਂ ਜਥੇਬੰਦੀ ਵਲੋਂ ਸੁਨਾਮ ਬਲਾਕ ਦੇ ਪਿੰਡ ਸੇਰੋਂ ਦੀ ਪਾਣੀ ਵਾਲੀ ਟੈਂਕੀ ‘ਤੇ ਧਰਨਾ ਦਿੱਤਾ ਜਾ ਰਿਹਾ ਸੀ।ਦੱਸਣਯੋਗ ਹੈ ਕਿ ਉਗਰਾਹਾਂ ਜਥੇਬੰਦੀ ਵਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਤੇ ਬਿਜਲੀ ਸੰਕਟ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਤੋਂ 10 ਜੂਨ ਤੱਕ ਪਿੰਡ ਪੱਧਰ ‘ਤੇ ਪਾਣੀ ਵਾਲੀਆਂ ਟੈਂਕੀਆਂ ਉਪਰ ਲਗਾਏ ਜਾ ਰਹੇ ਧਰਨਿਆਂ ਦਾ ਅੱਜ ਦੂਸਰਾ ਦਿਨ ਸੀ।
                   ਜਥੇਬੰਦੀ ਦੇ ਸੇਰੋਂ ਇਕਾਈ ਦੇ ਪ੍ਰਧਾਨ ਜਸਪਾਲ ਸਿੰਘ ਮੱਖਣ, ਸਾਧਾ ਸਿੰਘ ਮੈਂਬਰ ਅਤੇ ਸੋਮ ਨਾਥ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦੀ ਹੈ।ਪਰ ਸਰਕਾਰ ਦੀ ਇਸ ਮਨਸ਼ਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ।ਅਜਿਹੇ ਹਾਲਾਤ ਬਣ ਰਹੇ ਹਨ ਕਿ ਆਉਣ ਵਾਲੇ ਸਮੇਂ `ਚ ਲੋਕਾਂ ਨੂੰ ਪੀਣ ਲਈ ਪਾਣੀ ਵੀ ਮੁੱਲ ਖਰੀਦਣਾ ਪਵੇਗਾ।
                ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਸਮੇਤ ਦਾਲਾਂ ਸਬਜ਼ੀਆਂ ਤੇ ਐਮ.ਐਸ.ਪੀ ਤੈਅ ਕਰਕੇ ਸਰਕਾਰੀ ਖਰੀਦ ਦੀ ਗਾਰੰਟੀ ਦੇਵੇ ਤਾਂ ਜੋ ਕਿਸਾਨਾਂ ਦਾ ਰੁਝਾਣ ਇਨ੍ਹਾਂ ਫਸਲਾਂ ਨੂੰ ਉਗਾਉਣ ਵੱਲ ਵਧੇ ।
                   ਆਗੂਆਂ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਵਿੱਚ ਪਾਣੀ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ।ਬਿਨਾਂ ਲੋੜ ਤੋਂ ਪਾਣੀ ਨੂੰ ਫਾਲਤੂ ਡੋਲ੍ਹ ਕੇ ਜਾਇਆ ਨਾ ਕੀਤਾ ਜਾਵੇ।ਉਨਾਂ ਕਿਹਾ ਕਿ ਪਾਣੀ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਉਨ੍ਹਾਂ ਵਲੋਂ ਪਿੰਡ ਸ਼ੇਰੋਂ ਦੇ ਵੱਖ-ਵੱਖ ਥਾਵਾਂ ‘ਤੇ ਵੱਡੀ ਗਿਣਤੀ ‘ਚ ਪੌਦੇ ਵੀ ਲਗਾਏ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ‘ਚ ਪਾਣੀ ਨੂੰ ਬਚਾਉਣ ਲਈ ਲੋਕਾਂ ਢੋਲ ਮਾਰਚ ਵੀ ਕੱਢਿਆ ਜਾਵੇਗਾ। ਜਥੇਬੰਦੀ ਦੇ ਸੱਦੇ ‘ਤੇ ਅੱਜ ਸੁਨਾਮ ਬਲਾਕ ਦੇ ਬਹੁਤ ਸਾਰੇ ਪਿੰਡਾਂ ਵਿੱਚ ਉਗਰਾਹਾਂ ਜਥੇਬੰਦੀ ਵਲੋਂ ਪਾਣੀ ਵਾਲੀਆਂ ਟੈਂਕੀਆਂ ‘ਤੇ ਧਰਨੇ ਦਿੱਤੇ ਗਏ।
                 ਇਸ ਮੌਕੇ ਮੇਵਾ ਸਿੰਘ ਭਗਵਾਨਪੁਰਾ, ਬਲਵਿੰਦਰ ਸਿੰਘ, ਕਰਮੂ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਬਲਵੰਤ ਸਿੰਘ ਨਿੱਕਾ, ਕਿਦਰੀ ਢਿਲੋਂ, ਸੀਤਾ ਸਿੰਘ, ਦਰਸ਼ਨ ਸਿੰਘ ਆਦਿ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …