ਸਮਰਾਲਾ, 19 ਜੂਨ (ਇੰਦਰਜੀਤ ਸਿੰਘ ਕੰਗ) – ਪਾਣੀ ਦੇ ਸੰਕਟ, ਇਸ ਦੇ ਕਾਰਨ ਅਤੇ ਹੱਲ ਸਬੰਧੀ ਲੋਕ ਮੋਰਚਾ ਪੰਜਾਬ ਵਲੋਂ ਸੂਬਾ ਕਨਵੈਨਸ਼ਨਾਂ ਦੀ ਲੜੀ ਵਿੱਚ
ਅੱਜ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿਖੇ ਕਨਵੈਨਸ਼ਨ ਕੀਤੀ ਗਈ। ਜਿਸ ਨੂੰ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਦੀਵਾਨਾ ਨੇ ਸੰਬੋਧਨ ਕੀਤਾ।ਜਿਸ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਵਰਗ ਨੇ ਸ਼ਮੂਲੀਅਤ ਕੀਤੀ ਅਤੇ ਮੈਂਬਰਾਂ ਨੇ ਲੀਫਲੈਟ ਵੰਡੇ।ਮੋਰਚੇ ਦੇ ਸਥਾਨਕ ਆਗੂ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਵੱਖ-ਵੱਖ ਬੁਲਾਰਿਆਂ ਨੇ ਸੰਸਾਰ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਵਰਗੀਆਂ ਲੁਟੇਰੀਆਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਦੇਸ਼ ਦੇ ਹਾਕਮਾਂ ਵਲੋਂ ਕਾਰਪੋਰੇਟਾਂ ਅਤੇ ਸਾਮਰਾਜੀਆਂ ਦੇ ਹਿੱਤਾਂ ਦੀ ਰਾਖੀ ਲਈ ਲਿਆਂਦਾ ਗਿਆ ਮੌਜ਼ੂਦਾ ਖੇਤੀ ਮਾਡਲ, ਸਨਅਤੀ ਨੀਤੀਆਂ ਅਤੇ ਇਹਨਾਂ ਦੀ ਪੈਦਾਵਾਰ ਦਾ ਮੁਨਾਫਾ ਕਮਾਊ ਮੰਤਵ ਹੀ ਇਸ ਸੰਕਟ ਦਾ ਜਿੰਮੇਵਾਰ ਹੈ।ਇਸੇ ਦਾ ਸਿੱਟਾ ਹੈ ਕਿ ਅੱਜ ਨਾ ਸਿਰਫ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ, ਬਲਕਿ ਇਹ ਪੀਣ ਦੇ ਯੋਗ ਵੀ ਨਹੀਂ ਰਹਿ ਰਿਹਾ।ਕਰੋੜਾਂ ਲੋਕਾਂ ਵਲੋਂ ਵਰਤੇ ਜਾ ਰਹੇ ਨਹਿਰਾਂ ਦੇ ਪਾਣੀ ਨੂੰ ਵੀ ਸੀਵਰੇਜ਼ ਤੇ ਸਨਅਤੀ ਗੰਦਗੀ ਨੇ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਹਿਣ ਦਿੱਤਾ।ਜਿਸ ਨਾਲ ਲੋਕਾਂ ਦੀਆਂ ਬੇਸ਼ਕੀਮਤੀ ਜ਼ਿੰਦਗੀਆਂ ਨੂੰ ਨਿਗਲ ਰਹੀਆਂ ਕੈਂਸਰ, ਕਾਲਾ ਪੀਲੀਆ ਅਤੇ ਗਠੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ।ਬੁਲਾਰਿਆਂ ਨੇ ਕਿਹਾ ਕਿ ਸੰਕਟ ਦੇ ਹੱਲ ਬਹਾਨੇ ਸਾਮਰਾਜੀ ਸੰਸਥਾਵਾਂ ਵਲੋਂ ਕੇਂਦਰੀ ਤੇ ਸੂਬਾਈ ਹਕੂਮਤਾਂ ਲੋਕਾਂ ਤੇ ਹੋਰ ਵੱਧ ਸ਼ਿਕੰਜਾ ਕਸਣ ਦੀਆਂ ਤਿਆਰੀਆਂ ਅਤੇ ਪਾਣੀ ਦਾ ਨਿੱਜੀਕਰਨ ਕਰ ਰਹੀਆਂ ਹਨ।ਪਾਣੀ ਦਾ ਪੱਧਰ ਹੇਠਾਂ ਡਿੱਗਣ ਅਤੇ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਲੋਕਾਂ ਨੂੰ ਇਹਨਾਂ ਨੀਤੀਆਂ ਖਿਲਾਫ ਸਾਂਝੇ ਸੰਘਰਸ਼ ਕਰਦਿਆਂ ਮੰਗ ਕਰਨੀ ਚਾਹੀਦੀ ਹੈ ਕਿ ਦੇਸ਼ ਦੇ ਜਲ ਪ੍ਰਜੈਕਟਾਂ ’ਚੋਂ ਸੰਸਾਰ ਬੈਂਕ ਦਾ ਦਖ਼ਲ ਖਤਮ ਹੋਵੇ।ਸਨਅਤੀ ਅਦਾਰਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣ ਅਤੇ ਸਖਤ ਸਜਾਵਾਂ ਦਿੱਤੀਆਂ ਜਾਣ।
ਝੋਨੇ ਦੇ ਬਦਲ ਵਜੋਂ ਦੂਸਰੀਆਂ ਰਵਾਇਤੀ ਫਸਲਾਂ ਨੂੰ ਉਤਸਾਹਤ ਕਰਨ ਲਈ ਇਹਨਾਂ ਦੀ ਐਮ.ਐਸ.ਪੀ ‘ਤੇ ਖਰੀਦ ਦੀ ਗਰੰਟੀ ਕੀਤੀ ਜਾਵੇ।ਖਜ਼ਾਨੇ ਦਾ ਪੈਸਾ ਕਾਰਪੋਰੇਟਾਂ ਨੂੰ ਟੈਕਸ ਛੋਟਾਂ ਰਾਹੀਂ ਲੁਟਾਉਣ ਦੀ ਬਜਾਏ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ, ਬਰਸਾਤੀ ਪਾਣੀ ਸੰਭਾਲਣ, ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸਰਕਾਰੀ ਢਾਂਚੇ ਨੂੰ ਮਜਬੂਤ ਕਰਨ ਲਈ ਵਰਤਿਆ ਜਾਵੇ।ਜਲ ਖੇਤਰ ਸਮੇਤ ਭਾਰਤ ਦੇ ਸਾਰੇ ਖੇਤਰਾਂ ਵਿਚ ਲੁੱਟ ਕਰ ਰਹੀਆਂ ਇਨ੍ਹਾਂ ਸਾਮਰਾਜੀ ਕੰਪਨੀਆਂ ਨੂੰ ਦੇਸ਼ ’ਚੋਂ ਬਾਹਰ ਕੱਢਿਆ ਜਾਵੇ।ਪਾਣੀ ਸੰਕਟ ਦੇ ਹੱ ਦਾ ਸੰਘਰਸ਼ ਅਸਲ ਵਿੱਚ ਪਾਣੀ, ਫਸਲਾਂ ਤੇ ਕਿਰਤ ਬਚਾਉਣ ਦਾ ਸੰਘਰਸ਼ ਹੈ।ਕਨਵੈਨਸ਼ਨ ‘ਚ ਸਟੇਜ ਕੁਲਵੰਤ ਸਿੰਘ ਤਰਕ ਨੇ ਸੰਭਾਲੀ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media