ਉਘੀ ਕਵਿੱਤੀ ਯਤਿੰਦਰ ਮਾਹਲ ਦਾ ਪਹਿਲੀ ਵਾਰ ਸ਼ਿਰਕਤ ਕਰਨ ‘ਤੇ ਕੀਤਾ ਸਵਾਗਤ
ਸਮਰਾਲਾ, 22 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸੀਨੀ: ਸੈਕ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਉਘੀ ਲੇਖਿਕਾ ਸੁਲਤਾਨਾ ਬੇਗਮ ਦੇ ਅਕਾਲ ਚਲਾਣੇ ਅਤੇ ਕਹਾਣੀਕਾਰ ਮੁਖਤਿਆਰ ਸਿੰਘ ਦੇ ਛੋਟੇ ਭਰਾ ਮਨਜੀਤ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।ਸਭਾ ਦੀ ਸਮੁੱਚੀ ਕਾਰਵਾਈ ਅਮਨਦੀਪ ਸਮਰਾਲਾ ਨੇ ਚਲਾਉਂਦੇ ਹੋਏ ਸਭ ਤੋਂ ਪਹਿਲਾਂ ਉੱਘੇ ਕਹਾਣੀਕਾਰ ਸੁਖਜੀਤ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ ਗੰਗਾ ਜਮਨਾ ਸਭਿਅਤਾ ਉਪਰ ਵਿਚਾਰ ਚਰਚਾ ਕੀਤੀ।ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਕਵਿਤਾ ‘ਬੱਚੇ ਤੇ ਮਾਂ’ ਅਤੇ ਕਹਾਣੀ ‘ਰਿਸ਼ਤਾ’ ਸੁਣਾਈ।ਪਰਮਿੰਦਰ ਪ੍ਰੇਮ ਮੋਰਿੰਡਾ ਨੇ ਆਪਣੀਆਂ ਕਵਿਤਾਵਾਂ ‘ਪੱਥਰ’ ਅਤੇ ‘ਦਰਪਣ’ ਸੁਣਾਈਆਂ।ਨਵੀਂ ਉਮਰ ਦੇ ਲੜਕੇ ਕਰਨਵੀਰ ਸਿੰਘ ਕੁਰਾਲੀ ਨੇ ਗੀਤ ‘ਇਨਾਮ ਹੈ ਮੇਰੇ ਲਈ’ ਸੁਣਾਇਆ। ਹਾਜ਼ਰ ਸਾਹਿਤਕਾਰਾਂ ਨੇ ਭਰਪੂਰ ਦਾਦ ਦਿੱਤੀ।ਮੀਟਿੰਗ ਵਿੱਚ ਪਹਿਲੀ ਵਾਰ ਪਹੁੰਚੀ ਉੱਘੀ ਕਵਿੱਤਰੀ ਯਤਿੰਦਰ ਮਾਹਲ ਦਾ ਸਭਾ ਵਲੋਂ ਸਵਾਗਤ ਕੀਤਾ ਗਿਆ, ਜਿਸ ਨੇ ਆਪਣੀ ਕਵਿਤਾ ‘ਅਹਿਸਾਸ’ ਸੁਣਾ ਕੇ ਭਰਪੂਰ ਦਾਦ ਪ੍ਰਾਪਤ ਕੀਤੀ। ਗ਼ਜ਼ਲਗੋਂ ਸੁਰਜੀਤ ਜੀਤ ਵਲੋਂ ਬਹੁਤ ਹੀ ਖੂਬਸੂਰਤ ਗ਼ਜ਼ਲ ‘ਨਦੀ ਤੋਂ ਆਸ’ ਸੁਣਾਈ।ਦੀਪ ਦਿਲਬਰ ਵਲੋਂ ਆਪਣਾ ਗੀਤ ‘ਤਹਿ ਦਿਲੋ ਸ਼ੁਕਰਾਨਾ’ ਪੇਸ਼ ਕੀਤਾ ਗਿਆ।
ਸੁਰਜੀਤ ਸੁਮਨ ਵਲੋਂ ਗੀਤ ‘ਸੱਜਣਾ ਮਨਮਤੀਆ’ ਸੁਣਾਇਆ ਗਿਆ।ਕਹਾਣੀਕਾਰ ਸੁਖਜੀਤ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਤੇਲੂ ਰਾਮ ਕੋਹਾੜਾ, ਕਹਾਣੀਕਾਰ ਮੁਖਤਿਆਰ ਸਿੰਘ ਵਲੋਂ ਸੁਣਾਈਆਂ ਰਚਨਾਵਾਂ ਉਪਰ ਖੂਬ ਚਰਚਾ ਕੀਤੀ ਗਈ।ਮੀਟਿੰਗ ਵਿੱਚ ਸਿਮਰਜੀਤ ਸਿੰਘ ਕੰਗ, ਮੇਘ ਸਿੰਘ ਜਵੰਦਾ ਜਨ: ਸਕੱਤਰ, ਕਹਾਣੀਕਾਰ ਸੰਦੀਪ ਸਮਰਾਲਾ ਸਕੱਤਰ, ਕਹਾਣੀਕਾਰ ਅਮਨਦੀਪ ਸਮਰਾਲਾ, ਦਰਸ਼ਨ ਸਿੰਘ ਕੰਗ, ਗੁਰਦੀਪ ਮਹੌਣ ਆਦਿ ਸ਼ਾਮਿਲ ਹੋਏ। ਅਖੀਰ ਵਿੱਚ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਭਾ ਦੇ ਚੇਅਮੈਨ ਸੁਖਜੀਤ ਵਲੋਂ ਧੰਨਵਾਦ ਕੀਤਾ ਗਿਆ।