ਸਰਕਾਰ ਦਾ ਮਾਲੀਆ ਵਧਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ‘ਚ ਸਮੀਖਿਆ ਮੀਟਿੰਗ
ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕਰ (ਟੈਕਸ) ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਮਾਲੀਆ
ਵਧਾਉਣ ਲਈ ਟੈਕਸ ਚੋਰੀ ਕਰਨ ਵਾਲਿਆਂ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਉਣ ਦੇ ਹੁਕਮ ਦਿੱਤੇ ਹਨ।
ਟੈਕਸ ਉਗਰਾਹੀ ਦਾ ਜਾਇਜ਼ਾ ਲੈਣ ਲਈ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਰ ਕਮਿਸ਼ਨਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਟੈਕਸ ਚੋਰੀ ਰੋਕਣ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲਮ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਦਾ ਇਹ ਫਰਜ਼ ਬਣਦਾ ਹੈ ਕਿ ਟੈਕਸਾਂ ਦੀ ਚੋਰੀ, ਜੇਕਰ ਕੋਈ ਹੋਵੇ, ਨੂੰ ਸਖ਼ਤੀ ਨਾਲ ਰੋਕਿਆ ਜਾਵੇ।ਯਾਦਵ ਨੇ ਕਿਹਾ ਕਿ ਟੈਕਸਾਂ ਦੀ ਚੋਰੀ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੁੰਦਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਸਹਿਣਯੋਗ ਨਹੀਂ ਹੈ।ਉਨ੍ਹਾਂ ਕਿਹਾ ਕਿ ਵਿਭਾਗ ਹੁਣ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸੇਗਾ।ਯਾਦਵ ਨੇ ਇਹ ਵੀ ਕਿਹਾ ਕਿ ਵਿਭਾਗ ਇਸ ਸਾਲ ਟੈਕਸ ਵਸੂਲੀ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਨਵਾਂ ਮਾਪਦੰਡ ਸਥਾਪਿਤ ਕਰੇਗਾ।
ਕਰ ਕਮਿਸ਼ਨਰ ਨੇ ਟੈਕਸਾਂ ਦੇ ਖੜ੍ਹੇ ਬਕਾਏ ਦੀ ਜਲਦ ਵਸੂਲੀ ਲਈ ਵੀ ਯਤਨ ਤੇਜ਼ ਕਰਨ ਲਈ ਕਿਹਾ।ਸਾਰੇ ਅਧਿਕਾਰੀਆਂ ਨੂੰ ਇੱਛੁਕ ਡਿਫਾਲਟਰਾਂ ਤੋਂ ਬਕਾਏ ਦੀ ਵਸੂਲੀ ਲਈ ਵੱਡੀ ਰਿਕਵਰੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।ਸੂਬੇ ਵਿੱਚ ਟੈਕਸ ਵਸੂਲੀ ਨੂੰ ਵਧਾਉਣ ਲਈ ਇਹ ਸਮੇਂ ਦੀ ਲੋੜ ਹੈ।ਅਧਿਕਾਰੀਆਂ ਵਲੋਂ ਟੈਕਸ ਸੁਧਾਰਾਂ ਲਈ ਪੇਸ਼ ਕੀਤੇ ਗਏ ਨਵੇਂ ਵਿਚਾਰਾਂ ਦਾ ਸੁਆਗਤ ਕਰਦਿਆਂ ਕਰ ਕਮਿਸ਼ਨਰ ਨੇ ਕਿਹਾ ਕਿ ਟੈਕਸ ਸੁਧਾਰਾਂ ਲਈ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।ਵਿਭਾਗ ਅਧਿਕਾਰੀਆਂ ਵਲੋਂ ਦਿੱਤੇ ਅਜਿਹੇ ਨਵੇਂ ਅਤੇ ਗਤੀਸ਼ੀਲ ਵਿਚਾਰਾਂ ਨੂੰ ਸੂਬਾ ਪੱਧਰ `ਤੇ ਵੀ ਦੁਹਰਾਏਗਾ।
ਕਰ ਕਮਿਸ਼ਨਰ ਨੇ ਐਲਾਨ ਕੀਤਾ ਕਿ ਵਿਭਾਗ ਛੇਤੀ ਹੀ ਸੂਬੇ ਵਿੱਚ ਜਾਅਲੀ ਫਰਮਾਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰੇਗਾ।ਅਜਿਹੀ ਕੋਈ ਵੀ ਫਰਮ ਜੋ ਗੈਰ-ਕਾਨੂੰਨੀ ਤਰੀਕਿਆਂ ਨਾਲ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।ਯਾਦਵ ਨੇ ਕਿਹਾ ਕਿ ਹਰੇਕ ਅਧਿਕਾਰੀ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਜਾਅਲੀ ਫਰਮ ਦੇ ਸੰਚਾਲਨ ਲਈ ਜਵਾਬਦੇਹ ਬਣਾਇਆ ਜਾਵੇਗਾ।
ਇਕ ਹੋਰ ਮੁੱਦੇ `ਤੇ ਚਰਚਾ ਕਰਦੇ ਹੋਏ ਕਰ ਕਮਿਸ਼ਨਰ ਨੇ ਕਿਹਾ ਕਿ ਹਰੇਕ ਅਧਿਕਾਰੀ ਇਹ ਯਕੀਨੀ ਬਣਾਏਗਾ ਕਿ ਮੁਲਾਂਕਣ ਦੇ ਕੇਸਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।ਅਧਿਕਾਰੀਆਂ ਨੂੰ ਵਿੱਤੀ ਸਾਲ ਦੇ ਅੰਤ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਸਗੋਂ ਬਾਰੀਕੀ ਨਾਲ ਅਧਿਐਨ ਕਰਕੇ ਸਤੰਬਰ ਦੇ ਅੰਤ ਤੱਕ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।ਯਾਦਵ ਨੇ ਕਿਹਾ ਕਿ ਵਿਭਾਗ ਵਲੋਂ ਜਲਦੀ ਹੀ ਹਰੇਕ ਅਧਿਕਾਰੀ ਨੂੰ ਆਪਣਾ ਮੁਲਾਂਕਣ ਪੂਰਾ ਕਰਨ ਲਈ ਮਹੀਨਾਵਾਰ ਟੀਚੇ ਨਿਰਧਾਰਤ ਕੀਤੇ ਜਾਣਗੇ।
ਕਰ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਪਣੇ ਖੇਤਰ ਦੇ ਦੌਰੇ ਵਧਾਉਣ ਦੇ ਨਿਰਦੇਸ਼਼ ਦਿੱਤੇ।ਉਨ੍ਹਾਂ ਕਿਹਾ ਕਿ ਇਹ ਵਿਭਾਗ ਨੂੰ ਜਿਥੇ ਇੱਕ ਪਾਸੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਵਿੱਚ ਮਦਦ ਕਰਦਾ ਹੈ, ਉਥੇ ਹੀ ਦੂਜੇ ਪਾਸੇ ਟੈਕਸਾਂ ਨਾਲ ਸਬੰਧਤ ਮਾਮਲਿਆਂ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਦਾ ਹੈ।ਯਾਦਵ ਨੇ ਕਿਹਾ ਕਿ ਜਾਂਚ ਹਰੇਕ ਅਧਿਕਾਰੀ ਲਈ ਜਰੂਰੀ ਹੈ ਅਤੇ ਇਸ ਸਬੰਧੀ ਵਿਭਾਗ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਅੰਮ੍ਰਿਤਸਰ ਦੇ ਜਿਲ੍ਹਾ ਟੈਕਸ ਬਾਰ ਅਤੇ ਜੀ.ਐਸ.ਟੀ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਵੀ ਅੰਮ੍ਰਿਤਸਰ ਦੌਰੇ ’ਤੇ ਗਏ ਕਰ ਕਮਿਸ਼ਨਰ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ।ਉਨ੍ਹਾਂ ਨੇ ਵੈਟ ਕੇਸਾਂ ਲਈ ਯਕਮੁਸ਼ਤ ਸਕੀਮ ਲਿਆਉਣ ਅਤੇ ਅੰਮ੍ਰਿਤਸਰ ਵਿਖੇ ਜੀ.ਐਸ.ਟੀ ਭਵਨ ਦੀ ਉਸਾਰੀ ਸਮੇਤ ਹੋਰ ਕਈ ਨੁਕਤਿਆਂ `ਤੇ ਵੀ ਚਰਚਾ ਕੀਤੀ।ਉਨ੍ਹਾਂ ਨੇ ਕਮਿਸ਼ਨਰ ਨੂੰ ਆਪਣੇ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਉਨ੍ਹਾਂ ਨਾਲ ਜੀ.ਐਸ.ਟੀ ਦੀ ਡਾਇਰੈਕਟਰ ਸ੍ਰੀਮਤੀ ਬ੍ਰਹਮਨੀਤ ਕੌਰ, ਵਧੀਕ ਕਮਿਸ਼ਨਰ ਰਵਨੀਤ ਖੁਰਾਣਾ ਅਤੇ ਵਿਰਾਜ ਸ਼ਿਆਮਕਰਨ ਟਿਡਕੇ ਵੀ ਮੌਜ਼ੂਦ ਸਨ।
Punjab Post Daily Online Newspaper & Print Media