ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਨਿਵਾਸੀਆਂ ਨੂੰ ਬਿਹਤਰ ਸਿਖਲਾਈ ਅਤੇ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਤਹਿਤ ਯੁਵਾ
ਥੀਏਟਰ ਜਲੰਧਰ ਦੇ ਡਾ. ਅੰਕੁਰ ਸ਼ਰਮਾ ਵਲੋਂ ਪਿੰਗਲਵਾੜਾ ਦੀ ਮਾਨਾਂਵਾਲਾ ਸ਼ਾਖਾ ਵਿਖੇ 14-16 ਜੁਲਾਈ ਤਕ ਤਿੰਨ ਦਿਨਾਂ ਵਿਸ਼ੇਸ਼ ਥੀਏਟਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਨੇ ਕੀਤੀ।
ਇਸ ਵਰਕਸ਼ਾਪ ਦਾ ਵਿਸ਼ਾ ਜ਼ਿੰਦਗੀ ਵਾਸਤੇ ਥੀਏਟਰ ‘ਥੀਏਟਰ ਫਾਰ ਲਾਈਫ’ ਸੀ।ਵਰਕਸ਼ਾਪ ਵਿੱਚ ਦਿਮਾਗ ਦੀ ਸੁਚੇਤਤਾ, ਸਰੀਰਕ ਗਤੀਵਿਧੀ, ਸਮੂਹਾਂ ਵਿੱਚ ਕੰਮ ਕਰਨ ਵਾਸਤੇੇ ਤਾਲਮੇਲ, ਆਵਾਜ਼ ਅਤੇ ਬੋਲਣ ਦੇ ਵਿਕਾਸ ਅਤੇ ਸ਼ਖਸ਼ੀਅਤ ਵਿਕਾਸ `ਤੇ ਧਿਆਨ ਕੇਂਦਰਿਤ ਕੀਤਾ ਗਿਆ।ਪਿੰਗਲਵਾੜਾ ਦੇ ਵਸਨੀਕਾਂ ਅਤੇ ਇਥੇ ਚੱਲ ਰਹੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਮਰੱਥਾ ਦਾ ਅਹਿਸਾਸ ਅਤੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀਆਂ ਨਵੀਆਂ ਸੰਭਾਵਨਾਵਾਂ ਦੀ ਖੋਜ਼ ਕਰਨ ਵਿੱਚ ਮਦਦ ਕਰਨ ਲਈ ਥੀਏਟਰ ਅਤੇ ਐਕਟਿੰਗ ਤਕਨੀਕਾਂ ਦੀ ਵਰਤੋਂ ਕਰਨ `ਤੇ ਧਿਆਨ ਕੇਂਦਰਿਤ ਕੀਤਾ।ਭਗਤ ਜੀ ਦੇ ਜੀਵਨ ਅਤੇ ਰਚਨਾਵਾਂ `ਤੇ ਆਧਾਰਿਤ ਪ੍ਰਸਿੱਧ ਫਿਲਮ `ਏਹ ਜਨਮ ਤੁਮਾਰੇ ਲੇਖੇ` ਦੇ ਨਿਰਦੇਸ਼ਕ ਡਾ: ਹਰਜੀਤ ਸਿੰਘ ਵੀ ਮੌਜ਼ੂਦ ਸਨ।ਜੁਗਰਾਜ ਸਿੰਘ ਅਤੇ ਟੀਮ ਦੇ ਹੋਰ ਮੈਂਬਰਾਂ ਨੇ ਵੀ ਵਰਕਸ਼ਾਪ ਦੌਰਾਨ ਸਹਿਯੋਗ ਕੀਤਾ।ਵਰਕਸ਼ਾਪ ਖਾਸ ਤੌਰ `ਤੇ ਮਾਨਸਿਕ ਅਤੇ ਸਰੀਰਕ ਤੌਰ `ਤੇ ਅਪਾਹਿਜ਼ ਵਿਅਕਤੀਆਂ ਲਈ ਲਾਭਦਾਇਕ ਸੀ।ਗੁੰਗੇ-ਬੋਲ਼ੇ ਵਿਦਿਆਰਥੀਆਂ ਨੂੰ ਸੁਣਨ ਅਤੇ ਮਾਈਮ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈਫ਼, ਪਿੰਗਲਵਾੜਾ ਦੇ ਵੱਖ-ਵੱਖ ਵਾਰਡਾਂ ਦੇ ਮਰੀਜ਼ਾਂ ਨੇ ਵਰਕਸ਼ਾਪ ਦਾ ਖੂਬ ਆਨੰਦ ਮਾਣਿਆ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media