18 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਜ਼ਰੂਰ ਲਗਵਾਉਣ – ਡਾ. ਸਤਿੰਦਰ ਕੌਰ
ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਆਜਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ 18 ਸਾਲ ਤੋਂ ਵਧੇਰੇ ਉਮਰ ਵਾਲੇ ਵਿਅਕਤੀ ਕਿਸੇ ਵੀ ਸਰਕਾਰੀ ਟੀਕਾਕਰਨ ਕੇਂਦਰ ਵਿੱਚ ਬੂਸਟਰ ਡੋਜ਼ ਮੁਫਤ ਲੈ ਸਕਣਗੇ।ਪਹਿਲਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਰਫ ਸਿਹਤਕਰਮੀ ਅਤੇ ਫਰੰਟਲਾਈਨ ਵਰਕਰ ਹੀ 9 ਮਹੀਨੇ ਤੋਂ ਪਹਿਲਾਂ ਬੂਸਟਰ ਡੋਜ਼ ਲਗਵਾ ਸਕਦੇ ਸਨ।ਪਰ ਹੁਣ 18 ਤੋਂ ਉਪਰ ਦੀ ਉਮਰ ਦਾ ਹਰ ਵਿਅਕਤੀ ਬੂਸਟਰ ਡੱਜ਼ ਲਗਵਾ ਸਕਦਾ ਹੈ।
ਇਹ ਜਾਣਕਾਰੀ ਡਾ. ਸਤਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਕੌਹਰੀਆਂ ਨੇ ਪਿੰਡ ਸਤੌਜ ਵਿਖੇ ਕੋਵਿਡ ਟੀਕਾਕਰਨ ਕੈਂਪ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨਾਂ ਕਿਹਾ ਕਿ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਕੌਹਰੀਆਂ ਅਧੀਨ ਸਿਹਤ ਕੇਂਦਰਾਂ ‘ਤੇ ਯੋਗ ਲਾਭਪਾਤਰੀ ਵੈਕਸੀਨ ਲਗਵਾ ਸਕਦੇ ਹਨ।ਨਵੀਂ ਐਡਵਾਈਜ਼ਰੀ ਅਨੁਸਾਰ ਬੂਸਟਰ ਡੋਜ਼ ਜਾਂ ਕੋਰੋਨਾ ਦੀ ਸਾਵਧਾਨੀ ਵਾਲੀ ਖੁਰਾਕ ਵਿਚਕਾਰ ਅੰਤਰ ਨੂੰ 6 ਮਹੀਨੇ ਜਾਂ 26 ਹਫ਼ਤੇ ਕਰ ਦਿੱਤਾ ਗਿਆ ਹੈ।ਇਸ ਲਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ 18 ਤੋਂ 59 ਸਾਲ ਤੱਕ ਦੇ ਵਿਅਕਤੀ 6 ਮਹੀਨੇ ਜਾਂ 26 ਹਫਤਿਆਂ ਦੇ ਵਕਫੇ ਤੋਂ ਬਾਅਦ ਲਗਵਾ ਸਕਦੇ ਹਨ।
ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦੀ ਸਾਵਧਾਨੀ ਵਾਲੀ ਖ਼ੁਰਾਕ ਕਾਫ਼ੀ ਲਾਹੇਵੰਦ ਹੈ, ਇਸ ਲਈ ਸਮੂਹ ਯੋਗ ਲਾਭਪਾਤਰੀਆਂ ਨੂੰ ਇਹ ਖ਼ੁਰਾਕ ਲਗਵਾ ਲੈਣੀ ਚਾਹੀਦੀ ਹੈ।
ਇਸ ਮੌਕੇ ਵੀਰਪਾਲ ਕੌਰ ਸੀ.ਐਚ.ਓ, ਸਿਹਤ ਵਰਕਰ ਦਲਜੀਤ ਸਿੰਘ ਅਤੇ ਵੀਰਪਾਲ ਕੌਰ ਤੋਂ ਇਲਾਵਾ ਆਸ਼ਾ ਵਰਕਰ ਹਾਜ਼ਰ ਸਨ।