Friday, October 18, 2024

ਖੇਤਰੀ ਸਰਸ ਮੇਲੇ ਦੌਰਾਨ ਕਰਵਾ ਚੌਥ ਨੂੰ ਸਮਰਪਿਤ ਰਹੀ ਸਟਾਰ ਨਾਈਟ

ਮੁੱਖ ਮੰਤਰੀ ਦੀ ਧਰਮ ਪਤਨੀ, ਭੈਣ ਅਤੇ ਵਿਧਾਇਕਾ ਸੰਗਰੂੂਰ ਨੇ ਕੀਤੀ ਸ਼ਮੂਲੀਅਤ

ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ ) – ਲੋਕਾਂ ਨੂੰ ਸੱਭਿਆਚਾਰ ਦੀਆਂ ਤੰਦਾਂ ਨਾਲ ਜੋੜਨ ਦੇ ਮਕਸਦ ਨਾਲ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ’ਚ ਕਰਵਾਏ ਜਾ ਰਹੇ ‘ਖੇਤਰੀ ਸਰਸ ਮੇਲੇ’ ’ਚ ਸਟਾਰ ਨਾਈਟ ਦਾ ਆਯੋਜਨ ਮਹਿਲਾਵਾਂ ਦੇ ਤਿਉਹਾਰ ਕਰਵਾ ਚੌਥ ਦੇ ਨਾਮ ਰਿਹਾ।ਜ਼ਿਲਾ ਪ੍ਰਸ਼ਾਸਨ ਸੰਗਰੂਰ ਵਲੋਂ ਪੰਜਾਬ ਦੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਨੂੰ ਉਚੇਚੇ ਤੌਰ ’ਤੇ ਦਰਸ਼ਕਾਂ ਦੇ ਮਨੋਰੰਜਨ ਲਈ ਬੁਲਾਇਆ ਗਿਆ।ਇਸ ਦੇ ਨਾਲ ਹੀ ਸਰਸ ਮੇਲੇ ਦੀ ਸਟੇਜ ’ਤੇ ਵੀ ਕਰਵਾ ਚੌਥ ਦੀ ਝਲਕ ਪੇਸ਼ ਕਰਦੀ ਸਜਾਵਟ ਵੀ ਕੀਤੀ ਗਈ।ਸਟਾਰ ਨਾਈਟ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਦੇ ਸ਼ਿਰਕਤ ਕਰਨ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਉਨਾਂ ਦੀ ਧਰਮ ਪਤਨੀ ਪ੍ਰਤਿਭਾ ਜੋਰਵਾਲ ਅਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਤੇ ਉਨਾਂ ਦੀ ਧਰਮ ਪਤਨੀ ਸੁਖਮੀਨ ਕੌਰ ਸਿੱਧੂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਉਨ੍ਹਾਂ ਨਾਲ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ, ਸੰਗਰੂਰ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਰਮ ਪਤਨੀ ਸ਼ਬੀਨਾ ਅਰੋੜਾ ਵੀ ਹਾਜ਼ਰ ਸਨ।ਸਰਸ ਮੇਲੇ ਦੀ ਸਟੇਜ ‘ਤੇ ‘ਮਿਸਿਜ਼ ਕਰਵਾ ਚੌਥ ਕੁਈਨ 2022’ ਮੁਕਾਬਲਾ ਵੀ ਕਰਵਾਇਆ ਗਿਆ।ਜੇਤੂਆਂ ਨੂੰ ਡਾ. ਗੁਰਪ੍ਰੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸੁਨੰਦਾ ਸ਼ਰਮਾ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਭਰਵਾਂ ਮਨੋਰੰਜਨ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਭਵਾਨੀਗੜ ਵਨੀਤ ਕੁਮਾਰ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਜੁਡੀਸ਼ੀਅਲ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਦਰਸ਼ਕ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …