ਸਰਕਾਰ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਸਮੇਂ ਸਿਰ ਦੇਵੇਗੀ
ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੈਬਨਿਟ ਮੰਤਰੀ ਪੰਜਾਬ ਹਰਭਜ਼ਨ ਸਿੰਘ ਈ.ਟੀ.ਓ ਵਲੋਂ ਬਲਾਕ ਤਰਸਿੱਕਾ ਦੇ ਮੀਂਹ ਅਤੇ ਗੜੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਜ਼ਾਇਜ਼ਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ।ਉਹਨਾਂ ਵਨੇ ਪਿੰਡ ਟਾਂਗਰਾਂ, ਜੱਬੋਵਾਲ, ਅਤੇ ਮੁੱਛਲ ਆਦਿ ਪਿੰਡਾਂ ਵਿਚ ਪ੍ਰਭਾਵਿਤ ਫਸਲ ਨੂੰ ਕਿਸਾਨਾਂ ਦੀ ਹਾਜ਼ਰੀ ਵਿੱਚ ਖੁੱਦ ਵੇਖਿਆ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨੀ ਹਿੱਤਾਂ ਲਈ ਪੂਰੀ ਤਰਾਂ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਸ ਮੁਸ਼ਕਿਲ ਦੀ ਘੜੀ ਕਿਸਾਨਾਂ ਨਾਲ ਖੜੀ ਹੈ ਅਤੇ ਹਰ ਪ੍ਰਭਾਵਿਤ ਕਿਸਾਨ ਨੂੰ ਬੜੇ ਪਾਰਦਰਸ਼ੀ ਤਰੀਕੇ ਨਾਲ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਪ੍ਰਭਾਵਿਤ ਪਿੰਡਾਂ ਦੀ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਿਸਾਨਾਂ ਦੀ ਹਾਜ਼ਰੀ ਵਿੱਚ ਕਰਨ ਦੇ ਹੁਕਮ ਦਿੱਤੇ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਭਰਪੂਰ ਕੋਸਿਸ਼ ਹੈ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਸਾਰੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ, ਨਾਇਬ ਤਹਿਸੀਲਦਾਰ ਤਰਸਿੱਕਾ ਸ਼੍ਰੀਮਤੀ ਅਕਵਿੰਦਰ ਕੌਰ, ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਰਿਆੜ, ਸਤਵਿੰਦਰਬੀਰ ਸਿੰਘ ਏ.ਡੀ.ਓ, ਬੀ.ਡੀ.ਪੀ.ਓ ਤਰਸਿੱਕਾ ਸਿਤਾਰਾ ਸਿੰਘ, ਹਰਉਪਿੰਦਰਜੀਤ ਸਿੰਘ ਏ.ਡੀ.ਓ, ਕਿਸਾਨ ਗੁਰਦੀਪ ਸਿੰਘ ਕੋਟਲਾ ਸਰਕਲ ਇੰਚਾਰਜ਼, ਦਵਿੰਦਰ ਸਿੰਘ ਮਨੂ ਜੱਬੋਵਾਲ, ਸੂਬੇਦਾਰ ਸ਼ਨਾਖ ਸਿੰਘ, ਜਗਜੀਤ ਸਿੰਘ ਬਿੱਟੂ, ਬਚਨ ਸਿੰਘ, ਲਵਪ੍ਰੀਤ ਟਾਂਗਰਾ, ਭਗਤ ਸਿੰਘ ਦੁਸਾਂਝ, ਗੁਰਬਿੰਦਰ ਸਿੰਘ ਮੁੱਛਲ ਆਦਿ ਹਾਜ਼ਰ ਸਨ।