Sunday, August 2, 2026

ਕੈਬਨਿਟ ਮੰਤਰੀ ਧਾਲੀਵਾਲ ਨੇ 29 ਸਫਾਈ ਸੇਵਕਾਂ ਨੂੰ ਦਿੱਤੇ ਨਿਯੁੱਕਤੀ ਪੱਤਰ

ਸੂਬੇ ਭਰ ’ਚ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਰਹਿਣ ਦੇਣਾ ਕੱਚਾ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੇ ਇਕ ਸਾਲ ਦੇ ਅੰਦਰ ਅੰਦਰ ਹੀ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜੋ ਕਿ ਇਕ ਇਤਿਹਾਸਿਕ ਪਹਿਲ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਨਗਰ ਪੰਚਾਇਤ ਅਜਨਾਲਾ ਵਿਖੇ 29 ਸਫਾਈ ਸੇਵਕਾਂ ਨੂੰ ਪੱਕੇ ਹੋਣ ਦੇ ਨਿਯੁੱਕਤੀ ਪੱਤਰ ਵੰਡਣ ਸਮੇਂ ਕੀਤਾ।
ਧਾਲੀਵਾਲ ਨੇ ਦੱਸਿਆ ਕਿ ਇਹ ਸਾਰੇ ਸਫਾਈ ਸੇਵਕ ਪਹਿਲਾਂ ਠੇਕੇਦਾਰ ਰਾਹੀਂ ਕੰਮ ਕਰਦੇ ਸੀ ਅਤੇ ਇਨਾਂ ਦੀ ਤਨਖਾਹ ਵੀ ਬਹੁਤ ਘੱਟ ਸੀ, ਉਨਾਂ ਨੂੰ ਅੱਜ ਸਥਾਈ ਤੌਰ ਤੇ ਨਗਰ ਪੰਚਾਇਤ ਅਜਨਾਲਾ ਵਿੱਖੇ ਰੱਖ ਲਿਆ ਗਿਆ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਦਾ ਪਹਿਲਾ ਮੁੱਖ ਮਕਸਦ ਸੂਬੇ ਭਰ ਵਿਚੋਂ ਬੇਰੋਜ਼ਗਾਰੀ ਨੂੰ ਖਤਮ ਕਰਨਾ ਤੇ ਜਿਨਾਂ ਵਿਭਾਗਾਂ ਵਿੱਚ ਠੇਕੇ ਦੇ ਆਧਾਰ ’ਤੇ ਕੱਚੇ ਕਰਮਚਾਰੀ ਹਨ ਨੂੰ ਪੱਕਾ ਕਰਨਾ ਹੈ।ਉਨਾਂ ਦੱਸਿਆ ਕਿ ਦੋ ਮਹੀਨਿਆਂ ਦੇ ਅੰਦਰ ਅੰਦਰ ਹੀ ਸਰਕਾਰੀ ਵਿਭਾਗਾਂ ਵਿਚੋਂ ਕੱਚੇ ਸ਼ਬਦ ਹਟਾ ਹੀ ਦਿੱਤਾ ਜਾਵੇਗਾ ਅਤੇ ਸਭ ਨੌਜਵਾਨਾਂ ਨੂੰ ਸਥਾਈ ਤੌਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ।
ਧਾਲੀਵਾਲ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਨੇ ਬਸ ਗੱਲਾਂ ਹੀ ਕੀਤੀਆਂ ਹਨ ਅਤੇ ਕਿਸੇ ਵੀ ਸਰਕਾਰੀ ਮੁਲਾਜਮ ਨੂੰ ਪੱਕਾ ਤੱਕ ਨਹੀਂ ਕੀਤਾ।ਉਹ ਅਖੀਰਲੇ ਸਾਲ ਵਿੱਚ ਕੇਵਲ ਵੋਟਾਂ ਲੈਣ ਲਈ ਨੌਕਰੀਆਂ ਦੇਣ ਦਾ ਢੌਂਗ ਰਚਦੀਆਂ ਸਨ।ਉਨਾਂ ਕਿਹਾ ਕਿ ਸਰਕਾਰੀ ਭਰਤੀ ਵਿੱਚ ਪੂਰੀ ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟਾਲਰੈਂਸ ਦੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਨਗਰ ਪੰਚਾਇਤ ਅਜਨਾਲਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਬੱਬੂ ਚੇਤਨਪੁਰਾ, ਖੁਸ਼ਪਾਲ ਸਿੰਘ ਧਾਲੀਵਾਲ, ਗੁਰਦੇਵ ਸਿੰਘ ਵਾਰਡ ਇੰਚਾਰਜ਼, ਗੁਰਨਾਮ ਸ਼ਿਘ, ਨਰਿੰਦਰਪਾਲ ਸਿੰਘ ਢਿਲੋਂ, ਅਮਿਤ ਔਲ, ਗੁਰਜੰਟ ਸਿੰਘ ਸੋਨੀ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …