Sunday, April 12, 2026

ਓ.ਐਂਡ ਐਮ ਇੰਮਪਲਾਈਜ਼ ਯੂਨੀਅਨਾਂ ਦੀ ਮੀਟਿੰਗ ‘ਚ ਕਮਿਸ਼ਨਰ ਵਲੋਂ ਮੁਲਾਜ਼ਮ ਹਿੱਤਾਂ ਦੀ ਰਾਖੀ ਭਰੋਸਾ

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ) – ਕਮਿਸ਼ਨਰ ਸੰਦੀਪ ਰਿਸ਼ੀ ਦੀ ਪ੍ਰਧਾਨਗੀ ਹੇਠ ਓ.ਐਂਡ.ਐਮ ਇੰਮਪਲਾਈਜ਼ ਯੂਨੀਅਨਾਂ ਦੀ ਅੱਜ ਹੋਈ ਮੀਟਿੰਗ ਵਿਚ ਨਿਗਰਾਨ ਇੰਜੀਨੀਅਰ ਓ.ਐਂਡ.ਐਮ ਸਤਿੰਦਰ ਮਹਾਜਨ, ਕਾ:ਕਾ: ਇੰਜੀ. ਲਤਾ ਚੋਹਾਨ, ਸਕੱਤਰ ਰਜਿੰਦਰ ਕੁਮਾਰ ਸ਼ਰਮਾ ਅਤੇ ਸੁਪਰਡੈਂਟ ਆਸ਼ੀਸ਼ ਕੁਮਾਰ ਵੀ ਮੌਜ਼ੂਦ ਸਨ।ਯੂਨੀਅਨਾਂ ਦੇ ਨੁਮਾਇੰਦਿਆਂ ਵਲੋਂ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਬਣਾਈ ਜਾ ਰਹੀ ਅੰਮ੍ਰਿਤਸਰ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮ. ਕੰਪਨੀ ਦੀ ਕਾਰਜ਼-ਪ੍ਰਣਾਲੀ, ਰੂਪ-ਰੇਖਾ ਅਤੇ ਇਸ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਸਰਵਿਸ ਹਿੱਤਾਂ ਬਾਰੇ ਸਵਾਲ ਕੀਤੇ ਗਏ।ਜਿਸ ਦੇ ਸਬੰਧ ਵਿਚ ਐਮ.ਡੀ-ਕਮ-ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਕਈ ਥਾਵਾਂ ‘ਤੇ ਇਹ ਪਾਣੀ ਜਹਿਰੀਲੇ ਤੱਤਾਂ ਨਾਲ ਮਿਲ ਕੇ ਆ ਰਿਹਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪਨਪ ਰਹੀਆਂ ਹਨ।ਜਿਸ ਵਾਸਤੇ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪੰਜਾਬ ਦੇ ਹਰ ਸ਼ਹਿਰ ਅਤੇ ਕਸਬੇ ਵਿਚ ਜਿੱਥੇ ਨਹਿਰੀ ਪਾਣੀ ਰਾਹੀਂ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ, ਉਥੇ ਇਸ ਤਰ੍ਹਾਂ ਦੇ ਵਾਟਰ ਐਡ ਵੇਸਟ ਵਾਟਰ ਮੈਨੇਜਮੈਂਟ ਦਾ ਗਠਨ ਕੀਤਾ ਜਾ ਰਿਹਾ ਹੈ।ਪਹਿਲੇ ਪੜ੍ਹਾਅ ਵਿਚ ਚਾਰੋ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਅਤੇ ਲੁਧਿਆਣਾ ਵਿਖੇ ਪ੍ਰਾਜੈਕਟ ਆਰੰਭੇ ਜਾਣ ਲਈ ਮੁੱਢਲਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੇ ਪ੍ਰੋਜੈਕਟਾਂ ਲਈ ਵਰਲਡ ਬੈਂਕ ਵਲੋਂ ਕਰੋੜਾਂ ਰੁਪਏ ਦੇ ਕਰ਼ਜੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਨਗਰ ਨਿਗਮ ਅੰਮ੍ਰਿਤਸਰ ਦਾ ਹਿੱਸਾ ਹੈ ਅਤੇ ਇਸ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਹਨਾਂ ਦੀ ਨੌਕਰੀ ਦੇ ਸਾਰੇ ਲਾਭ ਪਹਿਲਾਂ ਵਾਂਗ ਹੀ ਨਗਰ ਨਿਗਮ ਦੇ ਨਿਯਮਾਂ ਅਨੁਸਾਰ ਹੀ ਮਿਲਣਗੇ ਅਤੇ ਕਿਸੇ ਵੀ ਕਰਮਚਾਰੀ ਦਾ ਤਨਖਾਹ, ਪੀ.ਐਫ, ਪੈਨਸ਼ਨ ਜਾਂ ਸੇਵਾ ਨਵਰਿਤੀ ਦੇ ਲਾਭਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਇਸ ਪ੍ਰੋਜੈਕਟ ਅਧੀਨ ਪੀਣ ਅਤੇ ਸੀਵਰੇਜ਼ ਦੇ ਬਿੱਲਾਂ ਦੀ ਬਿਲਿੰਗ ਅਤੇ ਉਗਰਾਹੀ ਦੀ ਮੁਕੰਮਲ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਇਸ ਪ੍ਰੋਜੈਕਟ ਲਈ ਨਗਰ ਨਿਗਮ ਨੂੰ ਮਿਲਣ ਵਾਲੇ ਜੀ.ਐਸ.ਟੀ ਦੇ ਸ਼ੇਅਰ ਵਿਚੋਂ ਕੁੱਝ ਹਿੱਸਾ ਵੱਖਰੇ ਤੌਰ ‘ਤੇ ਵੀ ਮਿਲੇਗਾ।ਇਸ ਨਾਲ ਇਹ ਅਦਾਰਾ ਖੁਦਮੁਖਤਿਆਰ ਹੋ ਕੇ ਆਪਣੇ ਖਰਚੇ, ਤਨਖਾਹਾਂ ਅਤੇ ਹੋਰ ਇਕਾ-ਦੁੱਕਾ ਰਿਪੇਅਰ ਦੇ ਕੰਮ ਵੀ ਕਰਵਾ ਸਕੇਗਾ ਅਤੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਸਮੇਂ ਸਿਰ ਮਿਲਣਗੀਆਂ।ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਇਸ ਅਦਾਰੇ ਨੂੰ ਚਲਾਉਣ ਵਾਲੇ ਨਗਰ ਨਿਗਮ ਦੇ ਹੀ ਕਰਮਚਾਰੀ ਹੋਣਗੇ ਜਿਨ੍ਹਾਂ ਦੇ ਹਿੱਤਾਂ ਦੀ ਸ਼ਤ-ਪ੍ਰਤੀਸ਼ਤ ਰਾਖੀ ਯਕੀਨੀ ਬਣਾਈ ਜਾਵੇਗੀ।
ਯੂਨੀਅਨਾਂ ਦੇ ਨੁਮਾਇੰਦਿਆਂ ਵਲੋਂ ਇਸ ਪ੍ਰੋਜੈਕਟ ਨੂੰ ਸਮਝਣ ਅਤੇ ਇਸ ਦੇ ਲਾਗੂ ਹੋਣ ਨਾਲ ਕਰਮਚਾਰੀਆਂ ਤੇ ਪੈਣ ਵਾਲੇ ਪ੍ਰਭਾਵਾਂ ਸਬਮਧੀ ਦੁਬਾਰਾ ਇਕ ਹੋਰ ਮੀਟਿੰਗ ਕਰਨ ਦੀ ਬੇਨਤੀ ਕੀਤੀ ਗਈ।
ਮੀਟਿੰਗ ਵਿਚ ਹਰਜਿੰਦਰ ਸਿੰਘ ਵਾਲੀਆ, ਅਸ਼ੋਕ ਮਜੀਠਾ, ਭਗਵੰਤ ਸਿੰਘ, ਚਰਨਜੀਤ ਸਿੰਘ, ਮੇਜ਼ਰ ਸਿੰਘ ਬੀਕਾ, ਦਲਬੀਰ ਸਿੰਘ, ਸਤਪਾਲ ਗਿੱਲ, ਮਨਦੀਪ ਸਿੰਘ, ਦੇਸਰਾਜ, ਪੱਪੂ ਪ੍ਰਧਾਨ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

 

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …