Thursday, February 26, 2026

ਚੁਣੌਤੀਆਂ ਸੰਗ ਜੂਝਣ ਵਾਲੀਆਂ ਧਿਰਾਂ ਨਾਲ ਖੜੇ ਹੋਣਾ ਲੇਖਕ ਦੀ ਜ਼ਿੰਮੇਵਾਰੀ – ਪ੍ਰਲੇਸ ਪੰਜਾਬ

ਅੰਮ੍ਰਿਤਸਰ, 13 ਮਈ (ਦੀਪ ਦਵਿੰਦਰ ਸਿੰਘ) – ਲੇਖਕਾਂ ਦੀ ਸਿਰਮੋਰ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਪੰਜਾਬ ਕਾਰਜਕਾਰਨੀ ਦੀ ਨਵੀਂ ਟੀਮ ਦੀ ਪਹਿਲੀ ਮੀਟਿੰਗ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਪ੍ਰਲੇਸ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕੀਤੀ।
ਮੀਟਿੰਗ ਤੋਂ ਪਹਿਲਾਂ ਲੇਖਕਾਂ ਨੇ ਗੁਰਦੁਆਰਾ ਸ੍ਰੀ ਰਾਮਸਰ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਨਤਮਸਤਕ ਹੋਏ, ਜਿਥੇ ਪੰਜਵੇਂ ਗੁਰੂ ਸਾਹਿਬਾਨ ਜੀ ਵਲੋਂ ਭਾਈ ਗੁਰਦਾਸ ਜੀ ਕੋਲੋਂ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਗਿਆ ਸੀ।
ਮੀਟਿੰਗ ਦਾ ਆਗਾਜ਼ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਮਾਣਮੱਤੇ ਇਤਿਹਾਸ ‘ਤੇ ਚਾਨਣਾ ਪਾਇਆ ਅਤੇ ਰਬਿੰਦਰਨਾਥ ਟੈਗੋਰ ਅਤੇ ਮੁਨਸ਼ੀ ਪ੍ਰੇਮਚੰਦ ਦੇ ਹਵਾਲੇ ਨਾਲ ਵਰਤਮਾਨ ਦੌਰ ਵਿੱਚ ਪ੍ਰਗਤੀਸ਼ੀਲ ਲੇਖਕ ਦੀ ਭੂਮਿਕਾ ‘ਤੇ ਚਰਚਾ ਕੀਤੀ।ਇਸ ਤੋਂ ਬਾਅਦ ਸੂਬਾ ਕਮੇਟੀ ਮੈਂਬਰਾਂ ਅਤੇ ਵੱਖ-ਵੱਖ ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਅਗਲੇ ਤਿੰਨ ਸਾਲ ਦੀ ਯੋਜਨਾਬੰਦੀ ਦੇ ਪ੍ਰਸੰਗ ਵਿੱਚ ਅਹਿਮ ਨੁਕਤੇ ਸਾਂਝੇ ਕੀਤੇ।ਸਰਪ੍ਰਸਤ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਵਰਤਮਾਨ ਸੱਤਾ ਜੋ ਬਿਰਤਾਂਤ ਸਿਰਜ਼ ਰਹੀ ਹੈ, ਉਹ ਬਹੁਤ ਭਿਆਨਕ ਹੈ, ਜਿਸ ਦੇ ਖਿਲਾਫ ਪ੍ਰਲੇਸ ਦੀ ਇਹ ਪਹਿਲਕਦਮੀ ਮਹੱਤਵਪੂਰਨ ਹੈ।ਪ੍ਰਧਾਨ ਸੁਰਜੀਤ ਜੱਜ ਨੇ ਕਿਹਾ ਕਿ ਲੇਖਕ ਕੋਲ ਬੌਧਿਕਤਾ ਦੇ ਨਾਲ ਨਾਲ ਪ੍ਰਤੀਬੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ।ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਭੁਪਿੰਦਰ ਸੰਧੂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਮੀਟਿੰਗ ਵਿੱਚ ਆਪਣੇ ਸੁਝਾਅ ਦੇਣ ਵਾਲਿਆਂ ‘ਚ ਪ੍ਰੋ. ਬਲਦੇਵ ਸਿੰਘ ਬੱਲੀ, ਹਰਮੀਤ ਵਿਦਿਆਰਥੀ, ਰਮੇਸ਼ ਯਾਦਵ, ਡਾ. ਸੰਤੋਖ ਸੁਖੀ, ਸ਼ਾਇਰ ਤਰਸੇਮ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਡਾ. ਅਨੂਪ ਸਿੰਘ ਬਟਾਲਾ, ਨਵਤੇਜ ਗੜ੍ਹਦੀਵਾਲਾ, ਜਸਪਾਲ ਮਾਨਖੇੜਾ, ਗੁਰਨੈਬ ਮੰਘਾਣੀਆ, ਅਸ਼ੋਕ ਚਟਾਨੀ, ਚਰਨਜੀਤ ਸਮਾਲਸਰ, ਜਗਪਾਲ ਚਹਿਲ, ਪ੍ਰੋ. ਕੁਲਦੀਪ ਸਿੰਘ, ਕਮਲ ਗਿੱਲ, ਹਰਜਿੰਦਰਪਾਲ ਕੌਰ ਕੰਗ, ਗੁਰਬਾਜ਼ ਛੀਨਾ, ਗੁਰਜਿੰਦਰ ਸਿੰਘ, ਬਲਵਿੰਦਰ ਜਹਾਂਗੀਰ, ਸੁਖਬੀਰ ਭੁੱਲਰ, ਰਣਜੀਤ ਸਿੰਘ ਗੌਰਵ, ਰਣਬੀਰ ਰਾਣਾ, ਸੰਤੋਖ ਸਾਗਰ, ਐਸ ਪਰਸ਼ੋਤਮ ਸਿੰਘ, ਜਗਰੂਪ ਸਿੰਘ ਐਮਾ, ਗੁਰਜਿੰਦਰ ਸਿੰਘ ਸ਼ਾਮਿਲ ਹਨ।ਸੁਝਾਵਾਂ ਅਨੁਸਾਰ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਸਾਹਿਤਕ ਰੁਝਾਨ ਵਿਕਸਿਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।ਸ਼ਹਿਰਾਂ ਦੀ ਥਾਂ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਲੇਖਕਾਂ ਨਾਲ ਜੁੜਨਾ ਅਤੇ ਸੋਸ਼ਲ ਮੀਡੀਆ ਰਾਹੀਂ ਆ ਰਹੇ ਲੇਖਕਾਂ ਦੀਆਂ ਵਰਕਸ਼ਾਪਾਂ ਲਗਾ ਕੇ ਉਹਨਾਂ ਨੂੰ ਸਾਹਿਤ ਦੀ ਮੁੱਖ ਧਾਰਾ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
ਬੀਤੇੇ ਦਿਨੀਂ ਸੁਰਜੀਤ ਲੀ ਅਤੇ ਕੇਹਰ ਸ਼ਰੀਫ ਸਮੇਤ ਵਿਛੜ ਗਏ ਸਾਰੇ ਲੇਖਕਾਂ ਨੂੰ ਅਕੀਦਤ ਪੇਸ਼ ਕੀਤੀ।ਸੰਸਥਾ ਦੀਆਂ ਸਰਗਰਮੀਆਂ ਦੇ ਫੈਲਾਅ ਲਈ ਪੂਰੇ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਗਿਆ ਅਤੇ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨਾਂ ਅਤੇ ਸੂਬਾ ਕਮੇਟੀ ਮੈਂਬਰਾਂ ਨੂੰ ਇਹਨਾਂ ਦਾ ਇੰਚਾਰਜ਼ ਬਣਾਉਣ ਦਾ ਫ਼ੈਸਲਾ ਕੀਤਾ ਹੈ।ਪ੍ਰਲੇਸ ਭਾਰਤ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੇ ਸੱਦੇ ‘ਤੇ 20, 21 ਅਤੇ 22 ਅਗਸਤ 2023 ਨੂੰ ਜਬਲਪੁਰ ਵਿਖੇ ਹੋ ਰਹੇ ਕੌਮੀ ਇਜਲਾਸ ਵਿੱਚ 30 ਮੈਂਬਰੀ ਜਥਾ ਭੇਜਣ ਦਾ ਫੈਸਲਾ ਕੀਤਾ ਹੈ।

 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …