6 ਮਹੀਨੇ ਦਾ ਇੱਕ ਹੋਰ ਬੱਚਾ ਪੰਘੂੜੇ ‘ਚ ਆਇਆ
ਅੰਮ੍ਰਿਤਸਰ 16 ਜੂਨ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ
ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 190 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ।14/6/2023 ਨੂੰ ਦੁਪਹਿਰ 1:30 ਵਜੇ ਦਰਬਾਰ ਸਾਹਿਬ ਦੇ ਕਰਮਚਾਰੀ ਵਲੋਂ ਇਕ 6 ਮਹੀਨੇ ਦੇ ਬੱਚੇ ਨੂੰ ਪੰਘੂੜੇ ਵਿੱਚ ਰੱਖ ਗਿਆ।ਇਸ ਬੱਚੇ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਤੋਂ ਕਰਵਾਇਆ ਗਿਆ ਸੀ ਅਤੇ ਇਸ ਵੇਲੇ ਇਹ ਬੱਚਾ ਬਿਲਕੁੱਲ ਤੰਦਰੁਸਤ ਹੈ।
ਮੇਜਰ ਡਾ. ਵਰੂਣ ਕੁਮਾਰ, ਸੀ.ਐਮ.ਐਫ.ਓ ਅੰਮ੍ਰਿਤਸਰ ਵੱਲੋਂ ਇਸ ਬੱਚੇ ਨੂੰ ਪੰਘੂੜੇ ਵਿੱਚ ਪ੍ਰਾਪਤ ਕੀਤਾ ਗਿਆ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਹੋਈ ਇਸ ਨਿਵੇਕਲੀ ਪਹਿਲ ਦੀ ਤਾਰੀਫ ਕਰਦੇ ਹੋਏ ਮੇਜਰ ਡਾ. ਵਰੂਣ ਕਿਹਾ ਕਿ ਇਹ 190 ਮਾਸੂਮ ਜ਼ਿੰਦਾਂ ਬਚਾਉਣ ਵਾਲਾ ਪੰਘੂੜਾ ਜਿਥੇ ਮੁਬਾਰਕਵਾਦ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿੱਚ ਹੁਣ ਤੱਕ ਆਏ ਬੱਚਿਆਂ ਵਿਚੋਂ ਵੱਡੀ ਗਿਣਤੀ ਲੜਕੀਆਂ ਦਾ ਹੀ ਮਿਲਣਾ ਸਮਾਜ ਲਈ ਇਕ ਗੰਭੀਰਤਾ ਦਾ ਮਸਲਾ ਹੈ।
ਦੱਸਣਯੋਗ ਹੈ ਕਿ ਪੰਘੂੜੇ ਵਿੱਚ ਆਏ ਬੱਚਿਆਂ ਦੀ ਮੈਡੀਕਲ ਜਾਂਚ ਪਾਰਵਤੀ ਦੇਵੀ ਹਸਪਤਾਲ ਵਿਖੇ ਕਰਵਾਈ ਜਾਂਦੀ ਹੈ ਅਤੇ ਹਸਪਤਾਲ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਬੱਚਿਆਂ ਦਾ ਸਾਰਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।ਇਸ ਮਗਰੋਂ ਸੁਰੱਖਿਅਤ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਦੀ ਆਸ ਵਿਚ ਸਰਕਾਰ ਵੱਲੋਂ ਐਲਾਨੀਆਂ ਸੰਸਥਾਵਾਂ ਲੀਗਲ ਅਡਾਪਸ਼ਨ ਐਡ ਪਲੇਸਮੈਂਟ ਏਜੰਸੀ ਵਿੱਚ ਬੱਚੇ ਦੀ ਪ੍ਰਵਰਿਸ਼ ਕਰਕੇ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਥੋਂ ਲੋੜਵੰਦ ਪਰਿਵਾਰ ਬੱਚੇ ਨੂੰ ਗੋਦ ਲੈ ਲੈਂਦੇ ਹਨ।
Punjab Post Daily Online Newspaper & Print Media