ਅੰਮਿ੍ਰਤਸਰ 16 ਜੂਨ (ਸੁਖਬੀਰ ਸਿੰਘ) – ਪੰਜਾਬ ਵਕਫ਼ ਬੋਰਡ ਵਲੋਂ ਵੱਖ-ਵੱਖ ਮਸਜਿਦਾਂ ਦੇ ਵਿਕਾਸ ਲਈ ਪਿਛਲੇ 6 ਮਹੀਨਿਆਂ ਦੌਰਾਨ ਵੱਡੇ ਪੱਧਰ ’ਤੇ ਫੰਡ
ਜਾਰੀ ਕੀਤੇ ਗਏ ਹਨ।ਪਿਛਲੇ ਪੰਜ ਮਹੀਨਿਆਂ ਦੌਰਾਨ ਅੰਮ੍ਰਿਤਸਰ ਜ਼ੋਨ ਦੀਆਂ ਵੱਖ-ਵੱਖ ਮਸਜਿਦਾਂ ਨੂੰ 7.80 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਿਸ ਸਦਕਾ ਮਸਜਿਦਾਂ ਦੇ ਨਵੇਂ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ ਅਤੇ ਜੋ ਮਸਜਿਦਾਂ ਖ਼ਰਾਬ ਹੋ ਗਈਆਂ ਸਨ, ਉਨ੍ਹਾਂ ਦੇ ਮੁੜ ਵਸੇਬੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।ਪੰਜਾਬ ਵਕਫ਼ ਬੋਰਡ ਅੰਮ੍ਰਿਤਸਰ ਦੇ ਅਸਟੇਟ ਅਫਸਰ ਨਦੀਮ ਅਹਿਮਦ ਖਾਨ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿੱਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਮਸਜਿਦਾਂ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ।ਪਿੰਡ ਜੇਠੂਵਾਲ ਅੰਮ੍ਰਿਤਸਰ ਦੀ ਮਸਜਿਦ ਨੂੰ 2.80 ਲੱਖ, ਜਾਮਾ ਮਸਜਿਦ ਫਤਿਆਬਾਦ ਤਹਿਸੀਲ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਨੂੰ 1.50 ਲੱਖ, ਜਾਮਾ ਮਸਜਿਦ ਸਠਿਆਲਾ ਤਹਿਸੀਲ ਬਾਬਾ ਬਕਾਲਾ ਨੂੰ 1.50 ਲੱਖ, ਤਹਿਸੀਲ ਬਾਬਾ ਬਕਾਲਾ ਦੀ ਮਸਜਿਦ ਪਿੰਡ ਠੱਟੀਆਂ ਨੂੰ 50 ਹਜ਼ਾਰ, ਮਸਜਿਦ ਖਲੀਫਾ ਰਜਾ-ਏ-ਮੁਸਤਫਾ ਜਲਿਆਂਵਾਲਾ ਬਾਗ ਅੰਮ੍ਰਿਤਸਰ ਨੂੰ 1.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ।
ਇਸ ਤੋਂ ਇਲਾਵਾ ਪਿੱਛਲੇ ਮਹੀਨਿਆਂ ਵਿੱਚ ਇੱਕ ਦੁਰਘਟਨਾ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ 50000 ਰੁਪਏ ਦੀ ਚੈਰਿਟੀ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2022-23 ਵਿੱਚ 5.55 ਕਰੋੜ ਦਾ ਮਾਲੀਆ ਇਕੱਠਾ ਹੋਇਆ ਸੀ, ਇਸ ਵਾਰ ਇਹ ਟੀਚਾ ਵਧਾ ਕੇ 15 ਕਰੋੜ ਕਰ ਦਿੱਤਾ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਸਾਰੇ ਮੁਲਾਜ਼ਮ ਕੰਮ ਕਰ ਰਹੇ ਹਨ।
ਪ੍ਰਸ਼ਾਸਕ ਐਮ.ਐਫ ਫਾਰੂਕੀ ਆਈ.ਪੀ.ਐਸ ਨੇ ਕਿਹਾ ਕਿ ਜੇਕਰ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਬੰਧਤ ਜ਼ਿਲ੍ਹੇ ਦੇ ਅਸਟੇਟ ਅਫ਼ਸਰ ਨਾਲ ਸੰਪਰਕ ਕਰਕੇ ਨਿਯਮਾਂ ਅਨੁਸਾਰ ਮਸਜਿਦਾਂ ਦੇ ਵਿਕਾਸ ਲਈ ਵੀ ਮਦਦ ਲੈ ਸਕਦੇ ਹਨ।ਅੰਮ੍ਰਿਤਸਰ ਦੀਆਂ 4 ਵੱਖ-ਵੱਖ ਨਵੀਆਂ ਮਸਜਿਦਾਂ, ਜਿਨ੍ਹਾਂ ਵਿੱਚ ਮਸਜਿਦ ਪਿੰਡ ਜੇਠੂਵਾਲ, ਮਸਜਿਦ ਖਜ਼ੂਰਵਾਲੀ, ਮਸਜਿਦ ਖਲੀਫਾ ਰਜ਼ਾ-ਏ-ਮੁਸਤਫਾ, ਮਸਜਿਦ ਸੀਕਰੀ, ਹਮਜ਼ਾ ਮਸਜਿਦ ਨੂੰ 6-6 ਹਜ਼ਾਰ ਦੀ ਮਹੀਨਾਵਾਰ ਸਹਾਇਤਾ ਜਾਰੀ ਕੀਤੀ ਗਈ ਹੈ।ਇਸ ਤੋਂ ਇਲਾਵਾ ਦੋ ਮਸਜਿਦਾਂ ਵਿੱਚ ਮੁਅਜ਼ਿਮ ਨਿਯੁੱਕਤ ਕੀਤੇ ਗਏ ਹਨ।ਵੇਰਕਾ ਨੇੜਲੇ ਪਿੰਡ ਮੁੱਦਲ ਵਿੱਚ 4 ਕਨਾਲ 6 ਮਰਲੇ ਦਾ ਕਬਰਿਸਤਾਨ ਮੁਸਲਿਮ ਭਾਈਚਾਰੇ ਨੂੰ ਦਿੱਤਾ ਗਿਆ ਹੈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media