ਸੰਗਰੂਰ, 23 ਜੂਨ (ਜਗਸੀਰ ਲੌਂਗੋਵਾਲ) – ਕਹਿੰਦੇ ਹਨ ਕਿ ਦੁਆਵਾਂ ਦਾ ਖਜ਼ਾਨਾ ਇਕੱਠਾ ਕਰਨਾ ਵੀ ਕਿਸੇ ਕਿਸੇ ਦੇ ਨਸੀਬ ਵਿੱਚ ਹੁੰਦਾ ਹੈ।ਇਹੀ ਕਹਾਵਤ ਸਹੀ
ਸਿੱਧ ਹੁੰਦੀ ਹੈ ਸੁਨਾਮ ਨੇੜਲੇ ਪਿੰਡ ਜਖੇਪਲ ਦੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਗੰਗਾ ਸਿੰਘ ਜਖੇਪਲ ਤੇ, ਜੋ ਅੱਜ ਸਾਡੇ ਵਿੱਚ ਸਰੀਰਕ ਤੌਰ ‘ਤੇ ਨਹੀਂ ਰਹੇ।ਪਰ ਉਨ੍ਹਾਂ ਦੀਆਂ ਦਿੱਤੀਆਂ ਅਣਮੁੱਲੀਆਂ ਸੇਵਾਵਾਂ ਹਮੇਸ਼ਾਂ ਲਈ ਸਾਡੇ ਵਿੱਚ ਰਹਿਣਗੀਆਂ।ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਗੰਗਾ ਸਿੰਘ ਜਖੇਪਲ ਦੀ ਬੇਵਕਤੀ ਮੌਤ ਇਲਾਕਾ ਨਿਵਾਸੀਆਂ ਲਈ ਬੇਹੱਦ ਮੰਦਭਾਗੀ ਤੇ ਸੋਗ ਵਾਲੀ ਘਟਨਾ ਹੈ।ਗੰਗਾ ਸਿੰਘ ਜਖੇਪਲ ਨੇ ਲੋਕ ਸੇਵਾ ਤੇ ਅਧਿਆਤਮਿਕ ਸੇਵਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ।
ਆਪਣਾ ਅਧਿਆਤਮਕ ਸਫ਼ਰ ਉਹਨਾਂ ਸੁਨਾਮ ਕੇਂਦਰ ਸੰਚਾਲਿਕਾ ਬੀ.ਕੇ ਮੀਰਾ ਭੈਣ ਦੀ ਅਗਵਾਈ ਵਿੱਚ ਸ਼ੁਰੂ ਕੀਤਾ।ਪਿਛਲੇ ਕਈ ਸਾਲਾਂ ਤੋਂ ਬ੍ਰਹਮਾਕੁਮਾਰੀਜ਼ ਸੰਸਥਾ ਨਾਲ ਜੁੜੇ ਹੋਣ ਕਾਰਨ ਨੂਰਾਨੀ ਚੇਹਰੇ ਅਤੇ ਚੰਗੀ ਸ਼ਖਸੀਅਤ ਨਾਲ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਰਹੇ।ਭੈਣ ਮੀਰਾ ਨੇ ਦੱਸਿਆ ਕਿ ਗੰਗਾ ਸਿੰਘ ਭਾਈ ਜੋ 25 ਸਾਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਸਨ ਤੇ ਆਪਣੇ ਆਖਰੀ ਸਾਹ ਵੀ ਲੋਕ ਹਿਤ ਸੇਵਾ ਵਿੱਚ ਲਗਾ ਦਿੱਤੇ।
ਗੰਗਾ ਸਿੰਘ ਇੱਕ ਵਾਤਾਵਰਨ ਪ੍ਰੇਮੀ ਹੋਣ ਦੇ ਨਾਲ ਨਾਲ ਲੋਕ ਭਲਾਈ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ।ਉਨ੍ਹਾਂ ਨੇ ਵਿਆਹ ਨਾ ਕਰਵਾਉਣ ਦਾ ਫੈਸਲਾ ਲਿਆ।ਦੋਵੇਂ ਭਰਾਵਾਂ ਦੀ ਮੌਤ ਤੋਂ ਬਾਅਦ, ਉਸ ਨੇ ਆਪਣੇ ਭਤੀਜਿਆਂ ਦਾ ਪਾਲਣ ਪੋਸ਼ਣ ਕੀਤਾ। ਗੰਗਾ ਸਿੰਘ ਵੱਲੋਂ ਕਰਵਾਈਆਂ ਅਨੇਕਾਂ ਲੋਕ ਭਲਾਈ ਗਤਿਵਿਧੀਆਂ ਜਿਵੇਂ ਨਸ਼ਾ ਮੁਕਤੀ, ਵਾਤਾਵਰਨ ਸੁਰੱਖਿਆ, ਬੱਚਿਆਂ ਨੂੰ ਮਾਪਿਆਂ ਦੀ ਸੇਵਾ ਲਈ ਪ੍ਰੇਰਿਤ ਕਰਨਾ ਆਦਿ ਵਿੱਚ ਹਿੱਸਾ ਲਿਆ।ਆਪ ਨੇ ਅਨੇਕਾਂ ਬੱਚਿਆਂ ਨੂੰ ਚੰਗੀ ਸਿੱਖਿਆ, ਨੌਕਰੀ ਲਈ ਯੋਗ ਬਣਾਇਆ।ਆਪਣੇ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਮੁਹੱਈਆ ਕਰਵਾਈਆਂ, ਕਈ ਸ਼ਮਸ਼ਾਨਘਾਟਾਂ ਨੂੰ ਮੁੜ ਸੁਰਜੀਤ ਕੀਤਾ।ਬੂਟੇ ਲਗਾਉਣ ਤੋਂ ਇਲਾਵਾ ਇਲਾਕੇ ਦੇ ਕਈ ਬੱਸ ਅੱਡਿਆਂ ’ਤੇ ਸ਼ੈਡ ਵੀ ਲਗਵਾਏ।
ਸਮਾਜ ਸੇਵੀ ਸੰਸਥਾ ਵਜੋਂ ਇਲਾਕੇ ਵਿੱਚ ਸਥਾਪਿਤ ਗੰਗਾ ਸਿੰਘ ਦੇ ਦੇਹਾਂਤ ਤੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਅਤੇ ਇਲਾਕਾ ਨਿਵਾਸੀਆਂ ਨੇ ਗੰਗਾ ਸਿੰਘ ਦੇ ਅਕਾਲ ਚਲਾਣੇ ਨੂੰ ਇਲਾਕਾ ਨੂੰ ਬਹੁਤ ਵੱਡਾ ਘਾਟਾ ਦੱਸਿਆ।ਉਨ੍ਹਾਂ ਦੇ ਇਸ ਅਕਾਲ ਚਲਾਣੇ ਤੇ ਸਮੂਹ ਸੁਨਾਮ ਬ੍ਰਹਮਾ ਕੁਮਾਰੀਜ਼ ਸੈਂਟਰ ਦੇ ਭਾਈ ਭੈਣਾਂ ਵਲੋਂ ਉਨ੍ਹਾਂ ਨੂੰ ਸਰਧਾਂਜਲੀ ਅਰਪਿਤ ਕੀਤੀ।
ਮਿਲੀ ਸੂਚਨਾ ਅਨੁਸਾਰ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ 25 ਜੂਨ ਨੂੰ ਗੁਰਦੁਆਰਾ ਸਾਹਿਬ ਐਸ.ਜੀ.ਪੀ.ਸੀ ਕਰਮਾਂ ਪੱਤੀ ਜਖੇਪਲ ਵਿਖੇ ਪਾਏ ਜਾਣਗੇ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media