ਪਟਿਆਲਾ, ਮਾਨਸਾ ਤੱਕ ਸੇਵਾ ਵਿੱਚ ਲੱਗੀਆਂ ਮਾਝੇ ਦੀਆਂ ਸੰਸਥਾਵਾਂ ਸਿਹਤ ਮੰਤਰੀ ਨੇ ਹੰਗਾਮੀ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਪੰਜਾਬ ਵਿਚ ਆਏ ਹੜਾਂ ਦੇ ਸੰਕਟ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ
ਪ੍ਰਬੰਧਾਂ ਦਾ ਪੰਜਾਬ ਭਰ ਵਿਚ ਨਿਰੀਖਣ ਕਰ ਰਹੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਡਾਕਟਰਾਂ, ਗੈਰ ਸਰਕਾਰੀ ਸੰਸਥਾਵਾਂ, ਸਿਹਤ ਸਬੰਧੀ ਸਨਅਤ ਦੇ ਪ੍ਰਤੀਨਿਧੀਆਂ, ਕੈਮਿਸਟ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਸਮੁੱਚੇ ਪੰਜਾਬ ਵੱਲੋਂ ਪੀੜ੍ਹਤਾਂ ਦੀ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਜਿਸ ਤਰਾਂ ਪੰਜਾਬ ਵਾਸੀ ਹੜ੍ਹ ਪੀੜਤਾਂ ਦੀ ਮਦਦ ਲਈ ਬਹੁੜੇ ਹਨ, ਉਸ ਦੀ ਸਰਾਹਨਾ ਦੁਨੀਆਂ ਵਿਚ ਕੀਤੀ ਜਾ ਰਹੀ ਹੈ।ਮਾਝੇ ਦੀਆਂ ਸੰਸਥਾਵਾਂ ਦੀ ਗੱਲ ਕਰਦੇ ਉਨਾਂ ਕਿਹਾ ਕਿ ਪਟਿਆਲਾ, ਮਾਨਸਾ ਤੱਕ ਅੰਮ੍ਰਿਤਸਰ ਦੇ ਲੋਕ ਸੇਵਾ ਕਰਦੇ ਮਿਲੇ ਹਨ।ਉਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ, ਆਈ.ਐਮ.ਏ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਸਹਾਇਤਾ ਦੇ ਨਾਲ ਹਰ ਹੱਥ ਉਠਿਆ ਹੈ, ਜੋ ਕਿ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਸੰਕਟ ਦੇ ਪੱਕੇ ਹੱਲ ਲਈ ਮੌਜ਼ੂਦਾ ਸਥਿਤੀ ਦਾ ਡਰੋਨ ਸਰਵੇ ਕਰਵਾਇਆ ਗਿਆ ਹੈ ਅਤੇ ਇਸ ਅਧਾਰ ਉਤੇ ਭਵਿੱਖ ਲਈ ਪੱਕੇ ਪ੍ਰਬੰਧ ਕੀਤੇ ਜਾਣਗੇ।ਨੁਕਸਾਨ ਦਾ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਇੰਨਾ ਦਾ ਜਾਇਜ਼ਾ ਲੈ ਕੇ ਰਾਹਤ ਦਾ ਐਲਾਨ ਕਰਨਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ, ਜਿਲ੍ਹਾ ਅਧਿਕਾਰੀਆਂ ਸਮੇਤ ਸਾਰਾ ਅਮਲਾ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਹੈ।ਉਨਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀ ਰਾਹਤ ਸਹਾਇਤਾ ਦਾ ਜ਼ਿਕਰ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਰੇਕ ਹੜ੍ਹ ਪ੍ਰਭਾਵਿਤ ਸੂਬਾ ਚਾਹੇ ਉਹ ਪੰਜਾਬ ਹੋਵੇ, ਹਿਮਾਚਲ, ਹਰਿਆਣਾ ਜਾਂ ਦਿੱਲੀ ਵਿਖੇ ਖੁਦ ਮੌਕੇ ਦਾ ਜਾਇਜ਼ਾ ਲੈ ਕੇ ਨੁਕਸਾਨ ਦਾ ਅਨੁਮਾਨ ਲਗਾ ਕੇ ਸਹਾਇਤਾ ਦੇਣੀ ਚਾਹੀਦੀ ਹੈ।ਉਨਾਂ ਦੱਸਿਆ ਕਿ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਲਈ ਵੀ ਪੰਜਾਬ ਸਰਕਾਰ ਲਗਾਤਾਰ ਸੰਪਰਕ ਵਿੱਚ ਹੈ ਤਾਂ ਜੋ ਪਾਣੀ ਨੂੰ ਇੱਕ ਵਾਰ ਦੀ ਥਾਂ ਨਿਰੰਤਰ ਵਹਿਣ ਵਿੱਚ ਛੱਡ ਕੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਾਵੇਂ ਕਿ ਅੰਮਿ੍ਰਤਸਰ ਵਿਚ ਹੜ੍ਹ ਨਹੀਂ ਆਇਆ, ਪਰ ਜਿੱਥੇ ਵੀ ਪਾਣੀ ਖੜਾ ਹੈ ਉਥੇ ਬਰਸਾਤ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।ਆਈ.ਐਮ.ਏ ਅੰਮ੍ਰਿਤਸਰ ਨੇ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਦਿੱਤਾ, ਜਦਕਿ ਕੈਮਿਸਟ ਐਸੋਸੀਏਸ਼ਨ ਨੇ ਕਲੋਰੀਨ ਦੀਆਂ 10 ਲੱਖ ਗੋਲੀਆਂ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਆਈ.ਐਮ.ਏ ਨੇ 10-10 ਐਂਬੂਲੈਂਸ ਡਾਕਟਰਾਂ ਤੇ ਦਵਾਈਆਂ ਸਮੇਤ ਦਿੱਤੀਆਂ ਹਨ, ਜੋ ਕਿ ਸ਼ਲਾਘਾਯੋਗ ਕਾਰਜ਼ ਹੈ।ਉਨਾਂ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਲੋੜਵੰਦ ਨੂੰ ਸਾਫ ਪਾਣੀ ਤੇ ਤਾਜ਼ਾ ਖਾਣਾ ਮਹੁੱਈਆ ਕਰਵਾਉਣ ਤਾਂ ਜੋ ਹੈਜੇ ਵਰਗੀਆਂ ਬਿਮਾਰੀਆਂ ਪੈਦਾ ਹੀ ਨਾ ਹੋਣ।ਉਨਾਂ ਕਿਹਾ ਕਿ ਸਿਹਤ ਵਿਭਾਗ ਕੋਲ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਮਲੇ, ਐਬੂਲੈਂਸ, ਬੈਡ, ਦਵਾਈਆਂ ਆਦਿ ਦਾ ਪੂਰਾ ਪ੍ਰਬੰਧ ਹੈ।ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜਿਲ੍ਹੇ ਦੀ ਮੌਜ਼ੂਦਾ ਸਥਿਤੀ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਫਿਲਹਾਲ ਕੋਈ ਸੰਕਟ ਵਾਲੀ ਗੱਲ ਨਹੀਂ ਹੈ, ਪਰ ਸਾਡੀ ਹਰੇਕ ਤਰਾਂ ਨਾਲ ਤਿਆਰੀ ਹੈ।ਉਨਾਂ ਦੱਸਿਆ ਕਿ ਬੀਤੇ ਦਿਨਾਂ ਵਿਚ ਕੁੱਝ ਇਕ ਥਾਵਾਂ ‘ਤੇ ਪਾਣੀ ਭਰਿਆ ਸੀ, ਜਿਸ ਨੂੰ ਸਮੇਂ ਸਿਰ ਕੱਢ ਦਿੱਤਾ ਗਿਆ।ਉਨਾਂ ਰਾਵੀ ਦੇ ਮੌਜ਼ੂਦਾ ਪਾਣੀ ਬਾਰੇ ਵੀ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਡਾ. ਅਜੇ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਚੇਅਰਮੈਨ ਜਸਪ੍ਰੀਤ ਸਿੰਘ, ਸਿਵਲ ਸਰਜਨ ਡਾ. ਵਿਜੈ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media